ਨਵੀਂ ਪੈਨਸ਼ਨ ਸਕੀਮ ਸੇਵਾ ਮੁਕਤੀ ਉਪਰੰਤ ਮੁਲਾਜ਼ਮਾਂ ਦੀ ਆਰਥਿਕ ਅਤੇ ਸਮਾਜਿਕ ਲੁੱਟ ਦਾ ਮਾਡਲ-ਅਤਿੰਦਰ ਪਾਲ ਸਿੰਘ
ਦਿੱਲੀ : 22 ਮਈ, ਦੇਸ਼ ਕਲਿੱਕ ਬਿਓਰੋ :
ਪੁਰਾਣੀ ਪੈਨਸ਼ਨ ਪ੍ਰਾਪਤੀ ਫਰੰਟ ਪੰਜਾਬ ਵੱਲੋਂ ਜੰਤਰ ਮੰਤਰ ਦਿੱਲੀ ਵਿਖੇ ਐੱਨ.ਪੀ.ਐੱਸ ਮੁਲਾਜ਼ਮਾਂ ਦੀ ਪ੍ਰਮੁੱਖ ਮੰਗ ਪੁਰਾਣੀ ਪੈਨਸ਼ਨ ਦੀ ਬਹਾਲੀ ਲਈ ਲਾਏ ਇਕ ਰੋਜ਼ਾ ਰੋਸ ਧਰਨੇ ਵਿੱਚ ਭਰਵੀੰ ਸ਼ਮੂਲੀਅਤ ਕੀਤੀ ਗਈ। ਆਲ ਇੰਡੀਆ ਪੈਨਸ਼ਨ ਬਹਾਲੀ ਸੰਯੁਕਤ ਮੋਰਚਾ (AIPRUF) ਦੀ ਅਗਵਾਈ ਵਿੱਚ ਲੱਗੇ ਇਸ ਧਰਨੇ ਵਿੱਚ ਪੰਜਾਬ ਤੋਂ ਇਲਾਵਾ ਜੰਮੂ ਕਸ਼ਮੀਰ, ਰਾਜਸਥਾਨ, ਤੇਲੰਗਾਨਾ, ਉੱਤਰ ਪ੍ਰਦੇਸ਼,ਹਿਮਾਚਲ ਪ੍ਰਦੇਸ਼ ਅਤੇ ਮੱਧ ਪ੍ਰਦੇਸ਼ ਦੇ ਮੁਲਾਜ਼ਮਾਂ ਨੇ ਵੀ ਵੱਡੇ ਇਕੱਠ ਦੇ ਰੂਪ ਵਿੱਚ ਹਿੱਸਾ ਲਿਆ।
ਇਸ ਧਰਨੇ ਨੂੰ ਸੰਬੋਧਨ ਕਰਦਿਆਂ ਫਰੰਟ ਦੇ ਸੂਬਾ ਕਨਵੀਨਰ ਅਤਿੰਦਰਪਾਲ ਸਿੰਘ, ਕੋ-ਕਨਵੀਨਰ ਗੁਰਬਿੰਦਰ ਖਹਿਰਾ ਅਤੇ ਜਸਵੀਰ ਭੰਮਾਂ ਨੇ ਆਖਿਆ ਕਿ 2004 ਤੋਂ ਬਾਅਦ ਕੇਂਦਰ ਅਤੇ ਸੂਬਿਆਂ ਦੇ ਮੁਲਾਜ਼ਮਾਂ ਤੇ ਜਬਰੀ ਥੋਪੀ ਨਵੀਂ ਪੈਨਸ਼ਨ ਸਕੀਮ, ਜਿਸ ਨੂੰ ਵਿੱਤੀ ਮੰਡੀ ਨਾਲ ਜੋੜ ਦਿੱਤਾ ਗਿਆ ਹੈ, ਮੁਲਕ ਵਿੱਚ ਲਾਗੂ ਸਾਮਰਾਜੀ ਨਿਰਦੇਸ਼ਤ ਨਵਉਦਾਰਵਾਦੀ ਨੀਤੀਆਂ ਦਾ ਹਿੱਸਾ ਹੈ।ਐੱਨ.ਪੀ.ਐੱਸ ਮੁਲਾਜ਼ਮਾਂ ਨੂੰ ਨਵੀਂ ਪੈਨਸ਼ਨ ਸਕੀਮ ਅਧੀਨ ਸੇਵਾਮੁਕਤੀ ਉਪਰੰਤ ਮਾਣ ਸਨਮਾਨ ਵਾਲੀ ਬੱਝਵੀਂ ਪੈਨਸ਼ਨ ਮਿਲਣ ਦੀ ਬਜਾਏ ਉਹਨਾਂ ਦੀ ਸਾਲਾਂ ਬੱਧੀ ਕੀਤੀ ਕਿਰਤ ਅਤੇ ਬੱਚਤਾਂ ਦੀ ਆਰਥਿਕ ਤੇ ਸਮਾਜਿਕ ਲੁੱਟ ਕੀਤੀ ਜਾ ਰਹੀ ਹੈ। ਜਿਸ ਖਿਲਾਫ ਸਾਰੇ ਦੇਸ਼ ਵਿੱਚ ਨਵੀਂ ਪੈਨਸ਼ਨ ਅਧੀਨ ਕੰਮ ਕਰ ਰਹੇ ਮੁਲਾਜ਼ਮਾਂ ਦੇ ਸੰਘਰਸ਼ ਉਭੱਰ ਰਹੇ ਹਨ।ਪਰ ਕੇੰਦਰ ਸਰਕਾਰ ਐੱਨ.ਪੀ.ਐੱਸ ਮੁਲਾਜ਼ਮਾਂ ਦੀ ਇਸ ਮੁੱਖ ਮੰਗ ਅਤੇ ਵੱਡੇ ਰੋਸ ਨੂੰ ਦਰਕਿਨਾਰ ਕਰਕੇ ਆਪਣੀ ਕਾਰਪੋਰੇਟ ਪੱਖੀ ਨੀਤੀ ਨੂੰ ਹੀ ਲਗਾਤਾਰ ਅੱਗੇ ਵਧਾ ਰਹੀ ਹੈ।
ਇਸ ਮੌਕੇ ਸੂਬਾ ਪ੍ਰੈੱਸ ਸਕੱਤਰ ਸਤਪਾਲ ਸਮਾਣਵੀ ਅਤੇ ਮੁਲਾਜ਼ਮ ਆਗੂ ਗੁਰਮੁੱਖ ਲੋਕ ਪ੍ਰੇਮੀ ਨੇ ਆਖਿਆ ਕਿ ਐੱਨ.ਪੀ.ਐੱਸ ਨਿਰੀ ਪੂਰੀ ਸ਼ੇਅਰ ਮਾਰਕਿਟ ਦੇ ਬਾਜ਼ਾਰੂ ਜੋਖਮਾਂ ਨਾਲ ਭਰਪੂਰ ਤੇ ਮੁਲਾਜ਼ਮ ਵਿਰੋਧੀ ਹੈ। ਜਿਸ ਅਧੀਨ ਕਈ ਮੁਲਾਜ਼ਮਾਂ ਨੂੰ ਸਾਰੀ ਉਮਰ ਦੀ ਸੇਵਾ ਤੋਂ ਬਾਅਦ ਨਿਗੁਣੀ 2000 -2500 ਰੁਪਏ ਪੈਨਸ਼ਨ ਬਣਦੀ ਹੈ। ਦੂਜੇ ਪਾਸੇ ਲੋਕ ਸਭਾ ਅਤੇ ਰਾਜ ਸਭਾ ਵਿੱਚ ਚੁਣੇ ਜਾਣ ਵਾਲੇ ਸੰਸਦ ਮੈਂਬਰਾਂ ਅਤੇ ਵਿਧਾਇਕਾਂ ਲਈ ਪੁਰਾਣੀ ਪੈਨਸ਼ਨ ਦਾ ਹੀ ਪ੍ਰਬੰਧ ਹੈ।
ਐੱਨ.ਪੀ.ਐੱਸ ਮੁਲਾਜ਼ਮਾਂ ਦੇ ਤਿੱਖੇ ਰੋਸ ਅਤੇ ਸੰਘਰਸ਼ ਕਾਰਨ ਰਾਜਸਥਾਨ ਅਤੇ ਛੱਤੀਸਗੜ ਦੀਆਂ ਰਾਜ ਸਰਕਾਰਾਂ ਵੱਲੋਂ ਮੁੜ ਪੁਰਾਣੀ ਪੈਨਸ਼ਨ ਪ੍ਰਣਾਲੀ ਨੂੰ ਬਹਾਲ ਕਰਨ ਦਾ ਕੀਤਾ ਫੈਸਲਾ ,ਮੁਲਾਜ਼ਮ ਘੋਲ ਦੀ ਵੱਡੀ ਪ੍ਰਾਪਤੀ ਹੈ ਜਿਸ ਤੋੰ ਉਤਸ਼ਾਹ ਲੈ ਕੇ ਹੋਰ ਸੂਬਿਆਂ ਵਿੱਚ ਵੀ ਪੈਨਸ਼ਨ ਪ੍ਰਾਪਤੀ ਦੇ ਸੰਘਰਸ਼ ਮਜ਼ਬੂਤੀ ਫੜ ਰਹੇ ਹਨ। ਪੁਰਾਣੀ ਪੈਨਸ਼ਨ ਪ੍ਰਾਪਤੀ ਫਰੰਟ ਵੱਲੋਂ ਦੇਸ਼ ਪੱਧਰੀ ਐੱਨ.ਪੀ.ਐੱਸ ਮੁਲਾਜ਼ਮਾਂ ਦੇ ਸੰਘਰਸ਼ਾਂ ਵਿੱਚ ਅਤੇ ਪੰਜਾਬ ਵਿੱਚ ਪੁਰਾਣੀ ਪੈਨਸ਼ਨ ਦੀ ਬਹਾਲੀ ਲਈ ਵਿਸ਼ਾਲ ਸਾਂਝੇ ਘੋਲ਼ਾਂ ਦੀ ਉਸਾਰੀ ਲਈ ਸਿਰਤੋੜ ਯਤਨ ਵਿੱਢੇ ਜਾਣਗੇ।
ਇਸ ਮੌਕੇ ਜ਼ਿਲ੍ਹਾ ਕਨਵੀਨਰ ਸੁਖਜਿੰਦਰ ਸਿੰਘ, ਰਮਨ ਸਿੰਗਲਾ ਸਮੇਤ ਹਰਜਿੰਦਰ ਨਿਆਣਾ, ਜਗਜੀਤ ਜਟਾਣਾ, ਅੰਮ੍ਰਿਤ ਸਿੰਘ, ਰਜਿੰਦਰ ਗੁਰੂ, ਸੁਖਜਿੰਦਰ ਸਿੰਘ, ਨਿਰਮਿਲਜੀਤ ਸਿੰਘ, ਵਿਕਰਮ ਰਾਜਪੁਰਾ, ਰਾਜਿੰਦਰ ਸਮਾਣਾ ਆਦਿ ਵੀ ਸ਼ਾਮਿਲ ਸਨ।