ਨਵੀਂ ਦਿੱਲੀ/12 ਮਈ/ਦੇਸ਼ ਕਲਿਕ ਬਿਊਰੋ:
ਇੰਦਰਾ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ 62 ਕਿਲੋ ਹੈਰੋਇਨ ਬਰਾਮਦ ਕੀਤੀ ਗਈ।ਅਧਿਕਾਰੀਆਂ ਨੇ ਦੱਸਿਆ ਕਿ ਹਵਾਈ ਅੱਡੇ ਦੇ ਕਾਰਗੋ ਕੰਪਲੈਕਸ ਤੋਂ 434 ਕਰੋੜ ਰੁਪਏ ਦੀ ਹੈਰੋਇਨ ਬਰਾਮਦ ਕੀਤੀ ਗਈ ਹੈ। ਇਹ ਹੈਰੋਇਨ 126 ਟਰਾਲੀ ਬੈਗਾਂ ਵਿੱਚ ਛੁਪਾ ਕੇ ਭਾਰਤ ਲਿਆਂਦੀ ਗਈ ਸੀ। ਖਾਸ ਗੱਲ ਇਹ ਹੈ ਕਿ ਇਹ ਏਅਰ ਡਾਇਵਰਸ਼ਨ ਰਾਹੀਂ ਹੁਣ ਤੱਕ ਦੀ ਸਭ ਤੋਂ ਵੱਡੀ ਹੈਰੋਇਨ ਬਰਾਮਦਗੀ ਹੈ। ਡੀਆਰਆਈ ਨੂੰ ਨਸ਼ਿਆਂ ਦੀ ਇਸ ਖੇਪ ਬਾਰੇ ਸੂਚਨਾ ਮਿਲੀ ਸੀ। ਇਸ ਤੋਂ ਬਾਅਦ ਟੀਮ ਨੇ 10 ਮਈ ਨੂੰ ਆਪ੍ਰੇਸ਼ਨ ਸ਼ੁਰੂ ਕੀਤਾ, ਇਸ ਆਪਰੇਸ਼ਨ ਨੂੰ 'ਬਲੈਕ ਐਂਡ ਵ੍ਹਾਈਟ' ਦਾ ਨਾਂ ਦਿੱਤਾ ਗਿਆ।ਜਾਣਕਾਰੀ ਅਨੁਸਾਰ ਜਦੋਂ ਟੀਮ ਨੇ ਮੌਕੇ 'ਤੇ ਪਹੁੰਚ ਕੇ ਤਲਾਸ਼ੀ ਲਈ ਤਾਂ ਇਕ ਕਾਰਗੋ ‘ਚ ਰੱਖੇ ਟਰਾਲੀ ਬੈਗ 'ਚੋਂ 55 ਕਿਲੋ ਹੈਰੋਇਨ ਬਰਾਮਦ ਹੋਈ। ਇਹ ਨਸ਼ੀਲੇ ਪਦਾਰਥ ਯੂਗਾਂਡਾ ਤੋਂ ਦੁਬਈ ਦੇ ਰਸਤੇ ਦਿੱਲੀ ਲਿਆਂਦੇ ਗਏ ਸਨ। ਡੀਆਰਆਈ ਦੀ ਟੀਮ ਨੇ ਹੈਰੋਇਨ ਬਰਾਮਦ ਕਰਕੇ ਇੱਕ ਮੁਲਜ਼ਮ ਨੂੰ ਮੌਕੇ ਤੋਂ ਹਿਰਾਸਤ ਵਿੱਚ ਵੀ ਲਿਆ ਹੈ। ਮੁਲਜ਼ਮਾਂ ਤੋਂ ਪੁੱਛਗਿੱਛ ਕਰਨ ਤੋਂ ਬਾਅਦ ਟੀਮ ਨੇ ਪੰਜਾਬ ਅਤੇ ਹਰਿਆਣਾ ਵਿੱਚ ਕਈ ਥਾਵਾਂ ’ਤੇ ਛਾਪੇਮਾਰੀ ਕੀਤੀ, ਜਿਸ ਵਿੱਚ 7 ਕਿਲੋ ਹੈਰੋਇਨ ਅਤੇ 50 ਲੱਖ ਰੁਪਏ ਦੀ ਨਕਦੀ ਵੀ ਬਰਾਮਦ ਹੋਈ।