ਨਵੀਂ ਦਿੱਲੀ, 1 ਮਈ (ਦੇਸ਼ ਕਲਿੱਕ ਬਿਓਰੋ)-
ਦਿੱਲੀ 'ਚ ਵਾਪਰੇ ਇਕ ਸੜਕ ਹਾਦਸੇ 'ਚ ਦੋ ਲੜਕੀਆਂ ਅਤੇ ਇਕ ਮੋਟਰਸਾਈਕਲ ਸਵਾਰ ਦੀ ਮੌਤ ਹੋ ਗਈ, ਜਦਕਿ ਪੰਜ ਹੋਰ ਜ਼ਖਮੀ ਹੋ ਗਏ। ਪੁਲਸ ਨੇ ਦੱਸਿਆ ਕਿ ਉਨ੍ਹਾਂ ਨੂੰ ਰਾਤ 1 ਵਜੇ ਦੇ ਕਰੀਬ ਫੋਨ ਆਇਆ ਕਿ ਇਕ ਕਾਰ ਅਤੇ ਮੋਟਰਸਾਈਕਲ ਵਿਚਾਲੇ ਟੱਕਰ ਹੋ ਗਈ ਹੈ। ਸੂਚਨਾ ਮਿਲਣ 'ਤੇ ਪੁਲਿਸ ਤੁਰੰਤ ਮੌਕੇ 'ਤੇ ਪਹੁੰਚੀ।
ਬਾਈਕ ਸਵਾਰ ਨੂੰ ਤੁਰੰਤ ਹਸਪਤਾਲ ਪਹੁੰਚਾਇਆ ਗਿਆ ਜਿੱਥੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ ਅਤੇ ਕਾਰ 'ਚੋਂ 7 ਵਿਅਕਤੀਆਂ ਨੂੰ ਤੁਰੰਤ ਬਾਹਰ ਕੱਢ ਲਿਆ ਗਿਆ। ਸਾਰਿਆਂ ਨੂੰ ਹਸਪਤਾਲ ਲਿਜਾਇਆ ਗਿਆ, ਜਿੱਥੇ ਜੋਤੀ (17) ਅਤੇ ਭਾਰਤੀ (19) ਦੀ ਮੌਤ ਹੋ ਗਈ। ਪੁਲਸ ਮੁਤਾਬਕ ਕਾਰ 'ਚ ਸਵਾਰ ਸੱਤ ਲੋਕ ਇਕ ਵਿਆਹ ਸਮਾਰੋਹ 'ਚ ਸ਼ਾਮਲ ਹੋਣ ਤੋਂ ਬਾਅਦ ਪੀਰਾਗੜ੍ਹੀ ਇਲਾਕੇ ਤੋਂ ਪੂਰਬੀ ਦਿੱਲੀ ਦੇ ਕੜਕੜਡੂਮਾ ਸਥਿਤ ਆਪਣੇ ਘਰ ਜਾ ਰਹੇ ਸਨ। ਇਸ ਸਬੰਧੀ ਆਈਪੀਸੀ ਦੀ ਧਾਰਾ 279, 337, 304ਏ ਤਹਿਤ ਕੇਸ ਦਰਜ ਕੀਤਾ ਗਿਆ ਹੈ। ਮੋਟਰਸਾਈਕਲ ਸਵਾਰ ਦੀ ਪਛਾਣ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।