ਚੰਡੀਗੜ੍ਹ, 05 ਅਪ੍ਰੈਲ 2022:ਦੇਸ਼ ਕਲਿੱਕ ਬਿਓਰੋ
ਸ਼੍ਰੋਮਣੀ ਅਕਾਲੀ ਦਲ (ਸੰਯੁਕਤ) ਦੇ ਸੀਨੀਅਰ ਆਗੂ ਅਤੇ ਸਾਬਕਾ ਕੇਂਦਰੀ ਮੰਤਰੀ ਸ: ਸੁਖਦੇਵ ਸਿੰਘ ਢੀਂਡਸਾ ਨੇ ਹਿੰਦ ਦੀ ਚਾਦਰ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 400 ਸਾਲਾ ਪ੍ਰਕਾਸ਼ ਪੁਰਬ ਨੂੰ ਦਿੱਲੀ ਦੇ ਇਤਿਹਾਸਕ ਲਾਲ ਕਿੱਲੇ `ਤੇ ਮਨਾਉਣ ਦੇ ਕੀਤੇ ਗਏ ਐਲਾਨ ਦੀ ਸ਼ਲਾਘਾ ਕਰਦਿਆਂ ਕੇਂਂਦਰ ਸਰਕਾਰ ਦਾ ਦਿਲੋਂ ਧੰਨਵਾਦ ਕੀਤਾ ਹੈ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਲਾਲ ਕਿੱਲੇ `ਤੇ 21 ਅਤੇ 22 ਅਪ੍ਰੈਲ ਨੂੰ ਕੀਤੇ ਜਾ ਰਹੇ ਇਸ ਸ਼ਲਾਘਾਯੋਗ ਉਪਰਾਲੇ ਨਾਲ ਸ਼੍ਰੀ ਗੁਰੂ ਤੇਗ ਬਹਾਦਰ ਜੀ ਦਾ ਪ੍ਰੇਰਨਾਦਾਇਕ ਜੀਵਨ ਅਤੇ ਸੰਦੇਸ਼ ਦੇਸ਼ਵਾਸੀਆਂ ਨੂੰ ਪ੍ਰੇਰਿਤ ਕਰੇਗਾ। ਇਸ ਮੌਕੇ ਸਰਕਾਰ ਵੱਲੋਂ ਯਾਦਗਾਰੀ ਸਿੱਕਾ ਅਤੇ ਮੋਹਰ ਵੀ ਜਾਰੀ ਕੀਤੀ ਜਾਵੇਗੀ।
ਸ: ਸੁਖਦੇਵ ਸਿੰਘ ਢੀਂਡਸਾ ਨੇ ਕਿਹਾ ਕਿ ਭਾਰਤ ਨੂੰ ਆਜ਼ਾਦ ਹੋਏ 75 ਸਾਲ ਬੀਤ ਗਏ ਹਨ ਪਰ ਕੇਂਦਰ ਦੀ ਕਿਸੇ ਸਰਕਾਰ ਨੇ ਧਰਮ ਦੀ ਰਾਖੀ ਲਈ ਮਹਾਨ ਕੁਰਬਾਨੀ ਦੇਣ ਵਾਲੇ ਮਹਾਨ ਧਾਰਮਕ ਆਗੂ, ਸਮਾਜ ਸੁਧਾਰਕ, ਦੇਸ਼ ਪ੍ਰੇਮੀ ਅਤੇ ਹਿੰਦ ਦੀ ਚਾਦਰ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ ਪ੍ਰਕਾਸ਼ ਪੁਰਬ ਨੂੰ ਇਨੇ ਵੱਡੇ ਰੂਪ ਵਿੱਚ ਸਰਕਾਰੀ ਪੱਧਰ `ਤੇ ਮਨਾਉਣ ਦਾ ਉਪਰਾਲਾ ਨਹੀ ਕੀਤਾ ਗਿਆ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਵੱਲੋਂ ਸ਼੍ਰੀ ਗੁਰੂ ਤੇਗ ਬਹਾਦਰ ਜੀ ਦਾ ਪ੍ਰਕਾਸ਼ ਪੁਰਬ ਲਾਲ ਕਿੱਲੇ `ਤੇ ਮਨਾਉਣ ਦਾ ਕੀਤਾ ਗਿਆ ਐਲਾਨ ਗੁਰੂ ਸਾਹਿਬ ਦੀ ਸ਼ਹਾਦਤ ਨੂੰ ਸੱਚੀ ਸ਼ਰਧਾਂਜਲੀ ਹੈ। ਸ: ਢੀਂਡਸਾ ਨੇ ਕਿਹਾ ਕਿ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਨੇ ਦੂਜਿਆਂ ਦੇ ਸੁੱਖ ਲਈ ਅਨੇਕ ਜ਼ੁਲਮ ਸਹੇ ਅਤੇ ਪ੍ਰਮਾਤਮਾ ਦੀ ਕਰਨੀ ਸਮਝ ਕੇ ਇਨ੍ਹਾਂ ਮੁਸੀਬਤਾਂ ਨੂੰ ਸਿਰ-ਮੱਥੇ ਲਾਇਆ। ਉਨ੍ਹਾਂ ਕਿਹਾ ਕਿ ਸ਼੍ਰੀ ਗੁੁਰੂ ਤੇਗ ਬਹਾਦਰ ਜੀ ਦਾ ਬਲੀਦਾਨ ਜੁਗਾਂ-ਜੁਗਾਂ ਤੱਕ ਯਾਦ ਕੀਤਾ ਜਾਂਦਾ ਰਹੇਗਾ।