ਨਵੀਂ ਦਿੱਲੀ, 27 ਫਰਵਰੀ (ਦੇਸ਼ ਕਲਿੱਕ ਬਿਓਰੋ)-
ਦਿੱਲੀ ਪੁਲਿਸ ਦੇ ਸਪੈਸ਼ਲ ਸੈੱਲ ਨੇ ਸੋਨੂੰ ਦਰੀਆਪੁਰ ਗਰੋਹ ਦੇ ਮੈਂਬਰ ਨੂੰ ਗ੍ਰਿਫਤਾਰ ਕੀਤਾ ਹੈ, ਜੋ ਕਤਲ ਦੀ ਕੋਸ਼ਿਸ਼ ਦੇ ਮਾਮਲੇ ਵਿਚ ਲੋੜੀਂਦਾ ਸੀ। ਮੁਲਜ਼ਮ ਦੀ ਪਛਾਣ ਪ੍ਰਿੰਸ ਉਰਫ਼ ਸੰਨੀ (25) ਵਜੋਂ ਹੋਈ ਹੈ, ਜਿਸ ਦੀ ਗ੍ਰਿਫ਼ਤਾਰੀ ’ਤੇ 20 ਹਜ਼ਾਰ ਰੁਪਏ ਦਾ ਇਨਾਮ ਸੀ। ਮਾਮਲੇ ਦੇ ਵੇਰਵੇ ਦਿੰਦੇ ਹੋਏ, ਪੁਲਿਸ ਦੇ ਡਿਪਟੀ ਕਮਿਸ਼ਨਰ (ਸਪੈਸ਼ਲ ਸੈੱਲ) ਰਾਜੀਵ ਰੰਜਨ ਸਿੰਘ ਨੇ ਦੱਸਿਆ ਕਿ 29 ਅਗਸਤ, 2021 ਦੀ ਸਵੇਰ ਨੂੰ, ਦੋਸ਼ੀ ਪ੍ਰਿੰਸ, ਉਸਦੇ ਪਿਤਾ ਅਤੇ ਮਾਤਾ ਦਾ ਇੱਕ ਵਿਅਕਤੀ ਨਾਲ ਝਗੜਾ ਹੋਇਆ ਸੀ, ਜਿਸ ਦੌਰਾਨ ਦੋਸ਼ੀ ਨੇ ਗੋਲੀ ਚਲਾ ਦਿੱਤੀ ਸੀ ਤੇ ਉਸ ਨੂੰ ਗੰਭੀਰ ਜ਼ਖ਼ਮੀ ਕਰ ਦਿੱਤਾ। ਇਸੇ ਤਹਿਤ ਦਵਾਰਕਾ ਦੇ ਮੋਹਨ ਗਾਰਡਨ ਥਾਣੇ ਵਿੱਚ ਭਾਰਤੀ ਦੰਡਾਵਲੀ ਦੀ ਧਾਰਾ 323, 341, 307, 506 ਅਤੇ 34 ਤਹਿਤ ਕੇਸ ਦਰਜ ਕੀਤਾ ਗਿਆ ਹੈ। ਤਫਤੀਸ਼ ਦੌਰਾਨ, ਦੋਸ਼ੀ ਦੇ ਮਾਤਾ-ਪਿਤਾ ਅਮਿਤ ਤੁਲੀ ਅਤੇ ਤਰੁਣਾ ਤੁਲੀ ਨੂੰ ਸਥਾਨਕ ਪੁਲਸ ਨੇ ਗ੍ਰਿਫਤਾਰ ਕਰ ਲਿਆ, ਹਾਲਾਂਕਿ, ਪ੍ਰਿੰਸ ਆਪਣੀ ਗ੍ਰਿਫਤਾਰੀ ਤੋਂ ਬਚ ਗਿਆ ਅਤੇ ਛੇ ਮਹੀਨਿਆਂ ਤੋਂ ਵੱਧ ਸਮੇਂ ਤੋਂ ਫਰਾਰ ਸੀ। ਡੀਸੀਪੀ ਨੇ ਕਿਹਾ, "ਅਪਰਾਧ ਦੀ ਗੰਭੀਰਤਾ ਦੇ ਮੱਦੇਨਜ਼ਰ, ਉਸਦੀ ਗ੍ਰਿਫਤਾਰੀ 'ਤੇ 20,000 ਰੁਪਏ ਦਾ ਨਕਦ ਇਨਾਮ ਵੀ ਘੋਸ਼ਿਤ ਕੀਤਾ ਗਿਆ ਸੀ।" 25 ਫਰਵਰੀ ਨੂੰ ਸ਼ਹਿਰ ਦੇ ਨਜਫਗੜ੍ਹ ਇਲਾਕੇ 'ਚ ਮੁਲਜ਼ਮ ਪ੍ਰਿੰਸ ਦੀ ਮੌਜੂਦਗੀ ਦੀ ਸੂਚਨਾ ਪੁਲਸ ਨੂੰ ਮਿਲੀ ਸੀ, ਜਿਸ ਤੋਂ ਬਾਅਦ ਪੁਲਸ ਨੇ ਜਾਲ ਵਿਛਾ ਕੇ ਉਸ ਨੂੰ ਮੌਕੇ ਤੋਂ ਕਾਬੂ ਕਰ ਲਿਆ। ਪੁਲਿਸ ਅਨੁਸਾਰ ਮੁਲਜ਼ਮ ਨੇ ਪੁੱਛਗਿੱਛ ਦੌਰਾਨ ਆਪਣਾ ਜੁਰਮ ਕਬੂਲ ਕਰ ਲਿਆ ਅਤੇ ਇਹ ਵੀ ਖੁਲਾਸਾ ਕੀਤਾ ਕਿ ਉਹ ਸੋਨੂੰ ਦਰੀਆਪੁਰ ਗੈਂਗ ਦਾ ਸਾਥੀ ਹੈ। ਅਧਿਕਾਰੀ ਨੇ ਅੱਗੇ ਕਿਹਾ ਕਿ ਅੱਗੇ ਦੀ ਜਾਂਚ ਜਾਰੀ ਹੈ।