ਨਵੀਂ ਦਿੱਲੀ/23 ਜਨਵਰੀ/ਦੇਸ਼ ਕਲਿਕ ਬਿਊਰੋ:
ਕਾਫੀ ਹੰਗਾਮੇ ਤੋਂ ਬਾਅਦ ਹਰਮੀਤ ਸਿੰਘ ਕਾਲਕਾ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਬਣ ਗਏ ਹਨ। ਉਨ੍ਹਾਂ ਨੂੰ 29 ਵੋਟਾਂ ਮਿਲੀਆਂ। ਹਰਵਿੰਦਰ ਸਿੰਘ ਕੇਪੀ ਸੀਨੀਅਰ ਮੀਤ ਪ੍ਰਧਾਨ, ਆਤਮਾ ਸਿੰਘ ਲੁਬਾਣਾ ਜੂਨੀਅਰ ਮੀਤ ਪ੍ਰਧਾਨ ਅਤੇ ਜਗਦੀਪ ਸਿੰਘ ਕਾਹਲੋਂ ਜਨਰਲ ਸਕੱਤਰ ਚੁਣੇ ਗਏ। ਸ਼ਨੀਵਾਰ ਨੂੰ ਦਿਨ ਵੇਲੇ ਬੁਲਾਈ ਗਈ ਮੀਟਿੰਗ ਦੇਰ ਰਾਤ ਖਤਮ ਹੋਈ। ਮੀਟਿੰਗ ਅੱਧ ਵਿਚਕਾਰ ਮੁਲਤਵੀ ਕਰਕੇ ਦੁਬਾਰਾ ਬੁਲਾਈ ਗਈ, ਜਿਸ 'ਤੇ ਕਾਫੀ ਹੰਗਾਮਾ ਹੋਇਆ।
ਇਸ ਤਰ੍ਹਾਂ ਮਨਜਿੰਦਰ ਸਿੰਘ ਸਿਰਸਾ ਦੇ ਭਾਜਪਾ ਵਿਚ ਜਾਣ ਤੋਂ ਬਾਅਦ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਿਚ ਇਕ ਵਾਰ ਫਿਰ ਸ਼੍ਰੋਮਣੀ ਅਕਾਲੀ ਦਲ ਦੀ ਪਾਵਰ ਆ ਗਈ ਹੈ। ਡਾਇਰੈਕਟਰ ਗੁਰਦੁਆਰਾ ਚੋਣ ਵੱਲੋਂ ਅਹੁਦੇਦਾਰਾਂ ਦੀ ਚੋਣ ਨੂੰ ਲੈ ਕੇ ਬੁਲਾਈ ਗਈ ਮੀਟਿੰਗ ਵਿੱਚ ਮੈਂਬਰ ਆਪਸ ਵਿੱਚ ਭਿੜ ਗਏ। ਗੁਰਦੁਆਰਾ ਰਕਾਬ ਗੰਜ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਾਹਮਣੇ ਕਈ ਮੈਂਬਰਾਂ ਨੇ ਇੱਕ ਦੂਜੇ ਨੂੰ ਚੰਗਾ-ਮਾੜਾ ਕਿਹਾ ਅਤੇ ਆਪਸ ਵਿੱਚ ਹੱਥੋਪਾਈ ਕੀਤੀ।ਮਾਮਲਾ ਇਸ ਹੱਦ ਤੱਕ ਵਧ ਗਿਆ ਕਿ ਸਥਿਤੀ ਨੂੰ ਸ਼ਾਂਤ ਕਰਨ ਲਈ ਪੁਲਿਸ ਨੂੰ ਬੁਲਾਉਣਾ ਪਿਆ। ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਨਮੁੱਖ ਹੋ ਕੇ ਮਰਿਆਦਾ ਟੁੱਟਦੀ ਵੇਖ ਕਈ ਮੈਂਬਰਾਂ ਨੇ ਮੀਟਿੰਗ ਦਾ ਬਾਈਕਾਟ ਕਰ ਦਿੱਤਾ। ਇੱਕ ਮਹਿਲਾ ਮੈਂਬਰ ਨੇ ਤਾਂ ਇੱਥੋਂ ਤੱਕ ਕਿਹਾ ਕਿ ਬੇਅਦਬੀ ਦਾ ਰੌਲਾ ਪਾਉਣ ਵਾਲਿਆਂ ਨੇ ਹੀ ਅੱਜ ਗੁਰੂ ਸਾਹਿਬਾਨ ਦੇ ਸਾਹਮਣੇ ਇੱਕ ਦੂਜੇ ਨੂੰ ਗਾਲਾਂ ਕੱਢ ਕੇ ਬੇਅਦਬੀ ਕੀਤੀ ਹੈ। ਇਹ ਸਭ ਸਿੱਖ ਮਰਿਆਦਾ ਦੇ ਵਿਰੁੱਧ ਹੈ।