ਨਵੀਂ ਦਿੱਲੀ/21 ਜਨਵਰੀ/ਦੇਸ਼ ਕਲਿਕ ਬਿਊਰੋ :
ਦੇਸ਼ ਦੀ ਰਾਜਧਾਨੀ ਦਿੱਲੀ ਵਿੱਚ 50 ਸਾਲਾਂ ਤੋਂ ਇੰਡੀਆ ਗੇਟ ਦੀ ਪਛਾਣ ਬਣੀ ਅਮਰ ਜਵਾਨ ਜਯੋਤੀ ਨੂੰ ਗਣਤੰਤਰ ਦਿਵਸ ਤੋਂ ਪਹਿਲਾਂ ਇੱਥੋਂ ਤਬਦੀਲ ਕੀਤਾ ਜਾ ਰਿਹਾ ਹੈ। ਹੁਣ ਇਹ ਜਯੋਤੀ ਇੰਡੀਆ ਗੇਟ ਦੀ ਬਜਾਏ ਨੈਸ਼ਨਲ ਵਾਰ ਮੈਮੋਰੀਅਲ ਵਿਖੇ ਜਗਾਈ ਜਾਵੇਗੀ। ਇਸ ਦੀ ਜਯੋਤੀ ਸ਼ੁੱਕਰਵਾਰ ਨੂੰ ਬਾਅਦ ਦੁਪਹਿਰ 3.30 ਵਜੇ ਵਾਰ ਮੈਮੋਰੀਅਲ ਦੀ ਜਯੋਤੀ ਵਿੱਚ ਸਮਾ ਜਾਵੇਗੀ।ਭਾਰਤੀ ਫੌਜ ਦੇ ਇਕ ਅਧਿਕਾਰੀ ਮੁਤਾਬਕ ਅਮਰ ਜਵਾਨ ਜਯੋਤੀ ਦੀ ਮਸ਼ਾਲ ਸ਼ੁੱਕਰਵਾਰ ਦੁਪਹਿਰ ਨੂੰ ਰਾਸ਼ਟਰੀ ਯੁੱਧ ਸਮਾਰਕ 'ਤੇ ਲਿਆਂਦੀ ਜਾਵੇਗੀ। ਉੱਥੇ ਇੱਕ ਸਮਾਰੋਹ ਵਿੱਚ ਦੋਵੇਂ ਜਯੋਤੀਆਂ ਨੂੰ ਮਿਲਾ ਦਿੱਤਾ ਜਾਵੇਗਾ। ਸਮਾਗਮ ਦੀ ਪ੍ਰਧਾਨਗੀ ਏਅਰ ਮਾਰਸ਼ਲ ਬਲਭੱਦਰ ਰਾਧਾ ਕ੍ਰਿਸ਼ਨਨ ਕਰਨਗੇ।ਜ਼ਿਕਰਯੋਗ ਹੈ ਕਿ ਅਮਰ ਜਵਾਨ ਜਯੋਤੀ 1971 ਦੀ ਪਾਕਿਸਤਾਨ ਵਿਰੁੱਧ ਜੰਗ ਵਿੱਚ ਸ਼ਹੀਦ ਹੋਏ 3,843 ਭਾਰਤੀ ਸੈਨਿਕਾਂ ਦੀ ਯਾਦ ਵਿੱਚ ਬਣਾਈ ਗਈ ਸੀ। ਇਹ ਪਹਿਲੀ ਵਾਰ 1972 ਜਲ਼ਾਈ ਗਈ ਸੀ। ਇਸ ਦਾ ਉਦਘਾਟਨ 26 ਫਰਵਰੀ 1972 ਨੂੰ ਤਤਕਾਲੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੇ ਕੀਤਾ ਸੀ।