ਜਾਂਚ ਦੀ ਅਗਵਾਈ ਸੁਪਰੀਮ ਕੋਰਟ ਦੀ ਸੇਵਾਮੁਕਤ ਜਸਟਿਸ ਇੰਦੂ ਮਲਹੋਤਰਾ ਨੂੰ ਸੌਂਪੀ
ਨਵੀਂ ਦਿੱਲੀ/12ਜਨਵਰੀ/ਦੇਸ਼ ਕਲਿਕ ਬਿਊਰੋ:
ਸੁਪਰੀਮ ਕੋਰਟ ਨੇ ਫਿਰੋਜ਼ਪੁਰ 'ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸੁਰੱਖਿਆ 'ਚ ਕੁਤਾਹੀ ਨੂੰ ਲੈ ਕੇ ਜਾਂਚ ਕਮੇਟੀ ਦਾ ਗਠਨ ਕੀਤਾ ਹੈ। ਜਾਂਚ ਦੀ ਅਗਵਾਈ ਸੁਪਰੀਮ ਕੋਰਟ ਦੀ ਸੇਵਾਮੁਕਤ ਜਸਟਿਸ ਇੰਦੂ ਮਲਹੋਤਰਾ ਕਰੇਗੀ। ਉਨ੍ਹਾਂ ਦੇ ਨਾਲ ਐਨਆਈਏ ਦੇ ਡੀਜੀ ਦੇ ਪ੍ਰਤੀਨਿਧੀ ਵਜੋਂ ਆਈਜੀ, ਡੀਜੀਪੀ ਚੰਡੀਗੜ੍ਹ, ਪੰਜਾਬ ਦੇ ਏਡੀਜੀਪੀ ਸੁਰੱਖਿਆ ਅਤੇ ਪੰਜਾਬ ਹਰਿਆਣਾ ਹਾਈ ਕੋਰਟ ਦੇ ਰਜਿਸਟਰਾਰ ਜਨਰਲ ਵੀ ਹਨ। ਸੁਪਰੀਮ ਕੋਰਟ ਨੇ ਹਾਈ ਕੋਰਟ ਦੇ ਰਜਿਸਟਰਾਰ ਨੂੰ ਪ੍ਰਧਾਨ ਮੰਤਰੀ ਦੀ ਫੇਰੀ ਨਾਲ ਸਬੰਧਤ ਸਾਰਾ ਰਿਕਾਰਡ ਜਾਂਚ ਕਮੇਟੀ ਦੀ ਚੇਅਰਪਰਸਨ ਜਸਟਿਸ ਇੰਦੂ ਮਲਹੋਤਰਾ ਨੂੰ ਸੌਂਪਣ ਲਈ ਕਿਹਾ ਹੈ।ਜ਼ਿਕਰਯੋਗ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ 5 ਜਨਵਰੀ ਨੂੰ ਪੰਜਾਬ ਆਏ ਸਨ। ਉਹ ਫਿਰੋਜ਼ਪੁਰ ਵਿੱਚ ਪ੍ਰੋਜੈਕਟਾਂ ਦਾ ਨੀਂਹ ਪੱਥਰ ਰੱਖਣ ਦੇ ਨਾਲ ਇੱਕ ਚੋਣ ਰੈਲੀ ਨੂੰ ਸੰਬੋਧਨ ਕਰਨ ਵਾਲੇ ਸਨ। ਖਰਾਬ ਮੌਸਮ ਕਾਰਨ ਪ੍ਰਧਾਨ ਮੰਤਰੀ ਸੜਕ ਤੋਂ ਰਵਾਨਾ ਹੋਏ ਸਨ। ਹਾਲਾਂਕਿ, ਪਿਆਰੇਆਣਾ ਪਿੰਡ ਪਹੁੰਚਣ 'ਤੇ ਉਨ੍ਹਾਂ ਨੂੰ ਫਲਾਈਓਵਰ 'ਤੇ ਰੁਕਣਾ ਪਿਆ। ਕੁਝ ਲੋਕਾਂ ਨੇ ਅੱਗੇ ਹਾਈਵੇਅ ਜਾਮ ਕਰ ਦਿੱਤਾ ਸੀ। ਪੀਐਮ ਪਿਆਰੇਆਣਾ ਫਲਾਈਓਵਰ 'ਤੇ ਕਰੀਬ 15 ਤੋਂ 20 ਮਿੰਟ ਤੱਕ ਖੜ੍ਹੇ ਰਹੇ। ਇਸ ਤੋਂ ਬਾਅਦ ਪੀਐਮ ਦਾ ਕਾਫਲਾ ਵਾਪਸ ਪਰਤਿਆ।