ਨਵੀਂ ਦਿੱਲੀ, 28 ਦਸੰਬਰ (ਏਜੰਸੀ)-
ਪੀਜੀ ਨੀਟ ਕਾਉਂਸਲਿੰਗ ਵਿੱਚ ਦੇਰੀ ਦੇ ਵਿਰੋਧ ਵਿੱਚ ਪ੍ਰਦਰਸ਼ਨ ਕਰ ਰਹੇ ਰੈਜ਼ੀਡੈਂਟ ਡਾਕਟਰਾਂ ਨੇ ਸੋਮਵਾਰ ਦੁਪਹਿਰ ਨੂੰ ਪੁਲਿਸ ਦੀ ਕਾਰਵਾਈ ਤੋਂ ਬਾਅਦ ਦਿੱਲੀ ਦੇ ਹਸਪਤਾਲਾਂ ਵਿੱਚ ਮੈਡੀਕਲ ਸੇਵਾਵਾਂ ਨੂੰ ਪੂਰੀ ਤਰ੍ਹਾਂ ਬੰਦ ਕਰਨ ਦਾ ਸੱਦਾ ਦਿੱਤਾ ਹੈ।
ਪੀਜੀ ਨੀਟ ਕਾਉਂਸਲਿੰਗ ਵਿੱਚ ਦੇਰੀ ਦੇ ਵਿਰੋਧ ਵਿੱਚ ਪ੍ਰਦਰਸ਼ਨ ਕਰ ਰਹੇ ਰੈਜ਼ੀਡੈਂਟ ਡਾਕਟਰ ਸੁਪਰੀਮ ਕੋਰਟ ਵੱਲ ਮਾਰਚ ਕਰ ਰਹੇ ਸਨ ਜਦੋਂ ਦੁਪਹਿਰ ਬਾਅਦ ਉਨ੍ਹਾਂ ਨੂੰ ਆਈਟੀਓ ਨੇੜੇ ਪੁਲਿਸ ਨੇ ਰੋਕ ਲਿਆ ਅਤੇ ਉਨ੍ਹਾਂ ਵਿੱਚੋਂ ਇੱਕ ਹਜ਼ਾਰ ਤੋਂ ਵੱਧ ਨੂੰ ਪੁਲਿਸ ਨੇ ਹਿਰਾਸਤ ਵਿੱਚ ਲਿਆ ਹੈ।
ਇਸ ਨੂੰ ਡਾਕਟਰੀ ਭਾਈਚਾਰੇ ਦੇ ਇਤਿਹਾਸ ਵਿੱਚ ਇੱਕ "ਕਾਲਾ ਦਿਨ" ਦੱਸਦੇ ਹੋਏ, ਫੈਡਰੇਸ਼ਨ ਆਫ ਰੈਜ਼ੀਡੈਂਟ ਡਾਕਟਰਜ਼ ਐਸੋਸੀਏਸ਼ਨ (ਫੋਰਡਾ) ਨੇ ਕਿਹਾ: "ਅੱਜ ਤੋਂ ਬਾਅਦ ਸਾਰੇ ਸਿਹਤ ਸੰਭਾਲ ਅਦਾਰੇ ਮੁਕੰਮਲ ਤੌਰ 'ਤੇ ਬੰਦ ਰਹਿਣਗੇ। ਅਸੀਂ ਇਸ ਬੇਰਹਿਮੀ ਦੀ ਸਖ਼ਤ ਨਿੰਦਾ ਕਰਦੇ ਹਾਂ ਅਤੇ ਤੁਰੰਤ ਰਿਹਾਈ ਦੀ ਮੰਗ ਕਰਦੇ ਹਾਂ।
ਦਿੱਲੀ ਵਿੱਚ NEET PG ਕਾਉਂਸਲਿੰਗ 2021 ਨੂੰ ਤੇਜ਼ ਕਰਨ ਲਈ ਸ਼ਾਂਤੀਪੂਰਵਕ ਵਿਰੋਧ ਕਰ ਰਹੇ ਰੈਜ਼ੀਡੈਂਟ ਡਾਕਟਰਜ਼ ਨੂੰ ਪੁਲਿਸ ਵੱਲੋਂ ਬੇਰਹਿਮੀ ਨਾਲ ਕੁੱਟਿਆ ਗਿਆ ਅਤੇ ਹਿਰਾਸਤ ਵਿੱਚ ਲਿਆ ਗਿਆ। ਰਾਸ਼ਟਰ ਨੂੰ ਇਸ ਕਾਰਵਾਈ ਦੀ ਸਖ਼ਤ ਸ਼ਬਦਾਂ ਵਿੱਚ ਨਿੰਦਾ ਕਰਨੀ ਚਾਹੀਦੀ ਹੈ ਅਤੇ ਸਮਰਥਨ ਵਿੱਚ ਅੱਗੇ ਆਉਣਾ ਚਾਹੀਦਾ ਹੈ। ਅਸੀਂ ਦੇਸ਼ ਦੇ ਸਾਰੇ ਰਾਜਾਂ ਦੇ ਆਰਡੀਏਜ਼ ਨੂੰ ਅੰਦੋਲਨ ਵਿੱਚ ਸ਼ਾਮਲ ਹੋਣ ਦੀ ਅਪੀਲ ਕਰਦੇ ਹਾਂ! ਅਸੀਂ ਸਾਰੇ ਬੇਇਨਸਾਫ਼ੀ ਦੇ ਵਿਰੁੱਧ ਇਸ ਲੜਾਈ ਵਿੱਚ ਇੱਕਜੁੱਟ ਹੋ ਕੇ ਖੜੇ ਹਾਂ," ਬਿਆਨ ਵਿੱਚ ਕਿਹਾ ਗਿਆ ਹੈ।