ਡਾ. ਸਵੈਮਾਨ ਦਾ ਨਾਂਅ ਇਤਿਹਾਸ ਦੇ ਸੁਨਹਿਰੀ ਅੱਖਰਾਂ 'ਚ ਲਿਖਿਆ ਗਿਆ : ਬੁਰਜ਼ਗਿੱਲ/ਧਨੇਰ
ਦਲਜੀਤ ਕੌਰ ਭਵਾਨੀਗੜ੍ਹ
ਦਿੱਲੀ, 5 ਦਸੰਬਰ, 2021: "ਮੋਦੀ ਹਕੂਮਤ ਖੇਤੀ/ਪੇਂਡੂ ਸੱਭਿਆਚਾਰ ਦੇ ਉਜਾੜੇ ਲਈ ਲਿਆਂਦੇ ਤਿੰਨ ਖੇਤੀ ਵਿਰੋਧੀ ਕਾਨੂੰਨਾਂ ਨੂੰ ਰੱਦ ਕਰਨ ਤੋਂ ਜਿੱਤ ਦੇ ਅੰਜਾਮ ਤੱਕ ਪਹੁੰਚਾਉਣ ਤੱਕ ਕਿਸਾਨ-ਮਜਦੂਰ ਜਥੇਬੰਦੀਆਂ ਦੇ ਅਹਿਮ ਯੋਗਦਾਨ ਤੋਂ ਇਲਾਵਾ ਕੁੱਝ ਸਖਸੀਅਤਾਂ ਅਜਿਹੀਆਂ ਵੀ ਹਨ, ਜਿਨ੍ਹਾਂ ਦੇ ਯੋਗਦਾਨ ਨੂੰ ਕਿਸੇ ਵੀ ਪੱਖੋਂ ਘਟਾਕੇ ਨਹੀਂ ਵੇਖਿਆ ਜਾ ਸਕਦਾ। ਅਜਿਹਾ ਹੀ ਸਖਸੀਅਤ ਸਾਡੇ ਵਿੱਚ ਅੱਜ ਪਰੀਵਾਰ ਸਮੇਤ ਮੌਜੂਦ ਹਨ ਡਾ ਸਵੈਮਾਣ ਸਿੰਘ ਪੱਖੋਕੇ।"
ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਇੱਕ ਸਾਲ ਤੋਂ ਵਧੇਰੇ ਸਮੇਂ ਤੋਂ ਸੰਯੁਕਤ ਕਿਸਾਨ ਮੋਰਚਾ ਦੀ ਅਗਵਾਈ ਵਿੱਚ ਦਿੱਲੀ ਦੀਆਂ ਬਰੂਹਾਂ ਤੇ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਵੱਲੋਂ ਸੰਘਰਸ਼ ਦੀ ਕਮਾਨ ਸੰਭਾਲ ਰਹੇ ਪ੍ਰਧਾਨ ਬੂਟਾ ਸਿੰਘ ਬਰਜਗਿੱਲ ਨੇ ਕਰਦਿਆਂ ਕਿਹਾ ਕਿ "ਜਦ ਹਕੂਮਤ ਨਾਲ ਅਸਾਵੀਂ ਜੰਗ ਵਿੱਚ ਕਿਸਾਨਾਂ ਨੂੰ ਖੁੱਲੇ ਅਸਮਾਨ ਵਿੱਚ ਜੂਝਣਾ ਪੈ ਰਿਹਾ ਸੀ। ਜਿਨ੍ਹਾਂ ਕੋਲ ਮਨੁੱਖੀ ਜਿੰਦਗੀ ਜਿਉਣ ਲਈ ਕੁੱਝ ਵੀ ਨਹੀਂ ਸੀ। ਸੱਤ ਸਮੁੰਦਰੋਂ ਪਾਰ ਡਾ ਸਵੈਮਾਣ ਸਿੰਘ ਹੋਰਾਂ ਨੂੰ ਜਦ ਮਿੱਟੀ ਨਾਲ ਮਿੱਟੀ ਹੋਕੇ ਮੁਲਕ ਦਾ ਢਿੱਡ ਭਰਨ ਵਾਲੇ ਅੰਨ ਦਾਤਿਆਂ ਵੱਲੋਂ ਆਪਣੇ ਪੇਂਡੂ ਸੱਭਿਆਚਾਰ ਦੀ ਰਾਖੀ ਲਈ ਚੱਲ ਰਹੇ ਸੰਘਰਸ਼ ਦਾ ਪਤਾ ਲੱਗਦਾ ਹੈ ਤਾਂ ਮਨ ਬੇਚੈਨ ਹੋ ਉੱਠਦਾ ਹੈ। ਲੋਕਾਂ ਲਈ ਜੂਝ ਮਰਨ ਦੀ ਵਿਰਸੇ ਵਿੱਚੋਂ ਮਿਲੀ ਗੁੜਤੀ ਸੁਖ ਆਰਾਮ ਦੀ ਜਿੰਦਗੀ ਛੱਡ ਕਿਸਾਨ ਅੰਦੋਲਨ ਵੱਲ ਆਪਣੀ ਨੌਜਵਾਨ ਟੀਮ ਸਮੇਤ ਖਿੱਚ ਲਿਆਉਂਦੀ ਹੈ।"
ਸ਼੍ਰੀ ਬੂਟਾ ਸਿੰਘ ਬਰਜਗਿੱਲ ਨੇ ਅੱਗੇ ਕਿਹਾ ਕਿ "ਆਰਥਿਕ ਸੋਮੇ ਸੀਮਤ ਪਰ ਸੰਘਰਸ਼ਸ਼ੀਲ ਕਾਫ਼ਲਿਆਂ ਦੀ ਲੋੜਾਂ ਵਡੇਰੀਆਂ ਸਨ। ਦ੍ਰਿੜ ਇਰਾਦਾ ਧਾਰ ਤੁਰੇ ਵਿਅਕਤੀ ਨੂੰ ਦੇਸਾਂ, ਬਦੇਸ਼ਾਂ ਵਿੱਚ ਬੈਠੇ ਪੰਜਾਬੀਆਂ ਨੇ ਅਥਾਹ ਤਾਕਤ ਬਖਸ਼ੀ, ਕਿਸੇ ਗੱਲ ਦੀ ਘਾਟ ਨਹੀਂ ਰਹਿਣ ਦਿੱਤੀ। ਅਨੇਕਾਂ ਰੈਣ ਵਧੇਰੇ ਬਣਾਏ, ਲੱਖਾਂ ਬਿਮਾਰ ਕਿਸਾਨਾਂ ਲਈ ਇਲਾਜ ਦਾ ਪਰਬੰਧ ਕੀਤਾ, ਖਾਣੇ ਦਾ ਪਰਬੰਧ ਕੀਤਾ, ਸਫਾਈ ਦਾ ਪਰਬੰਧ ਕੀਤਾ। ਹਕੂਮਤ ਵੱਲੋਂ ਆਪਸ ਵਿੱਚ ਪਾੜਨ ਖਿੰਡਾਉਣ ਦੀਆਂ ਫੈਲਾਈਆਂ ਜਾ ਰਹੀਆਂ ਸਾਜਿਸ਼ਾਂ ਦਾ ਦਲੀਲ ਸਹਿਤ ਜਵਾਬ ਦਿੱਤਾ ਹੈ। ਡਾ ਸਵੈਮਾਣ ਸਿੰਘ ਵੱਲੋਂ ਕਿਸਾਨ ਅੰਦੋਲਨ ਵਿੱਚ ਨਿਭਾਇਆ ਗਿਆ ਸ਼ਾਨਾਮੱਤਾ ਇਤਿਹਾਸ ਦੇ ਸੁਨਿਹਰੀ ਪੰਨਿਆਂ ਤੇ ਲਿਖਿਆ ਜਾਵੇਗਾ।"
ਜਥੇਬੰਦੀ ਦੇ ਸੀਨੀਅਰ ਮੀਤ ਪ੍ਰਧਾਨ ਮਨਜੀਤ ਸਿੰਘ ਧਨੇਰ ਅਤੇ ਗੁਰਦੀਪ ਸਿੰਘ ਰਾਮਪੁਰਾ ਅਤੇ ਬਲਦੇਵ ਸਿੰਘ ਭਾਈਰੂਪਾਨੇ ਕਿਹਾ ਕਿ ਡਾ. ਸਵੈਮਾਨ ਸਿੰਘ ਦਾ ਨਾਂਅ ਇਤਿਹਾਸ ਦੇ ਸੁਨਹਿਰੀ ਪੰਨਿਆਂ 'ਚ ਲਿਖਿਆ ਜਾਵੇਗਾ।