...ਹਲਕਾ ਖਰੜ ਨਿਵਾਸੀਆਂ ਦੇ ਭਰਪੂਰ ਸਮਰਥਨ ਅਤੇ ਪਿਆਰ ਸਦਕਾ ਖਰੜ ਸੀਟ ਜਿੱਤਕੇ ਪਾਰਟੀ ਦੀ ਝੋਲੀ 'ਚ ਪਾਵਾਂਗੇ
... 2022 ਵਿਚ ਸਰਕਾਰ ਬਣਨ 'ਤੇ ਸਾਰੇ ਵਾਅਦੇ ਪੂਰੇ ਹੋਣਗੇ
... ਦਿੱਲੀ ਦੀ ਤਰਜ਼ ਤੇ ਹੋਵੇਗਾ ਪੰਜਾਬ ਦੀਆਂ ਸਿੱਖਿਆ ਅਤੇ ਸਿਹਤ ਸਹੂਲਤਾਂ ਦਾ ਵਿਕਾਸ
ਖਰੜ, 10 ਨਵੰਬਰ, ਦੇਸ਼ ਕਲਿੱਕ ਬਿਓਰੋ
ਅਰਵਿੰਦ ਕੇਜਰੀਵਾਲ ਪੰਜਾਬ ਨੂੰ ਵਿਕਾਸ ਦੇ ਰਾਹ ਤੇ ਲਿਜਾਣ ਲਈ ਪੱਬਾਂ ਭਾਰ ਹਨ। ਉਹਨਾਂ ਕੋਲ ਪੰਜਾਬ ਦੇ ਬਿਜਲੀ, ਪਾਣੀ, ਸਿੱਖਿਆ ਅਤੇ ਸਿਹਤ ਸਬੰਧਤ ਮੁਸ਼ਕਲਾਂ ਦਾ ਹੱਲ ਕੱਢਣ ਲਈ ਲੋੜੀਂਦਾ ਰੋਡਮੈਪ ਹੈ। ਆਮ ਆਦਮੀ ਪਾਰਟੀ ਦੀ ਸਰਕਾਰ ਆਉਣ ਤੇ ਉਹਨਾਂ ਸਾਰੀਆਂ ਸਕੀਮਾਂ 'ਤੇ ਪੰਜਾਬ 'ਚ ਜੰਗੀ ਪੱਧਰ ਤੇ ਕੰਮ ਕੀਤਾ ਜਾਵੇਗਾ। ਇਹ ਗੱਲਾਂ ਆਮ ਆਦਮੀ ਪਾਰਟੀ ਪੰਜਾਬ ਯੂਥ ਵਿੰਗ ਦੇ ਪ੍ਰਧਾਨ ਅਤੇ ਖਰੜ ਤੋਂ ਹਲਕਾ ਇੰਚਾਰਜ ਅਨਮੋਲ ਗਗਨ ਮਾਨ ਨੇ ਦਿੱਲੀ ਦੇ ਮੁੱਖ ਮੰਤਰੀ ਅਤੇ ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਨਾਲ ਮੁਲਾਕਾਤ ਕਰਨ ਉਪਰੰਤ ਕੀਤੀਆਂ।
ਮਾਨ ਨੇ ਬੁੱਧਵਾਰ ਨੂੰ ਦਿੱਲੀ ਵਿਖੇ ਅਰਵਿੰਦ ਕੇਜਰੀਵਾਲ ਨਾਲ ਮੁਲਾਕਾਤ ਕੀਤੀ ਅਤੇ ਪੰਜਾਬ ਦੇ ਵੱਖ ਵੱਖ ਮੁੱਦਿਆਂ ਉੱਤੇ ਚਰਚਾ ਕਰਦਿਆਂ ਕੇਜਰੀਵਾਲ ਨੂੰ ਹਲਕਾ ਖਰੜ ਦੀਆਂ ਸਥਾਨਕ ਸਮੱਸਿਆਵਾਂ ਤੋਂ ਵੀ ਜਾਣੂ ਕਰਵਾਇਆ। ਮੀਡੀਆ ਨਾਲ ਗੱਲਬਾਤ ਕਰਦੇ ਹੋਏ ਮਾਨ ਨੇ ਕਿਹਾ ਕਿ 2022 ਵਿਚ ਪੰਜਾਬ 'ਚ ਆਮ ਆਦਮੀ ਪਾਰਟੀ ਦੀ ਸਰਕਾਰ ਆਉਣ ਤੇ ਅਰਵਿੰਦ ਕੇਜਰੀਵਾਲ ਵੱਲੋਂ ਪੰਜਾਬ ਦੇ ਲੋਕਾਂ ਨੂੰ ਦਿੱਤੀਆਂ ਗਈਆਂ ਸਾਰੀਆਂ ਗਰੰਟੀਆਂ ਨੂੰ ਹਰ ਹੀਲੇ ਪੂਰਾ ਕੀਤਾ ਜਾਵੇਗਾ। ਕਾਂਗਰਸ ਸਰਕਾਰ ਵਾਂਗ ਕੇਜਰੀਵਾਲ ਦੀ ਇੱਕ ਦੀ ਗਰੰਟੀ ਅਧੂਰੀ ਨਹੀਂ ਰਹੇਗੀ।
ਉਨ੍ਹਾਂ ਕਿਹਾ ਕਿ ਕਾਂਗਰਸ ਅਤੇ ਭਾਜਪਾ ਵਾਂਗ ਕੇਜਰੀਵਾਲ ਝੂਠੇ ਵਾਅਦੇ ਨਹੀਂ ਕਰਦੇ। ਉਨ੍ਹਾਂ ਦਿੱਲੀ ਵਿਚ ਜੋ-ਜੋ ਵਾਅਦੇ ਕੀਤੇ ਸੀ ਉਨ੍ਹਾਂ ਤੋਂ ਕਿਤੇ ਵੱਧ ਸਹੂਲਤਾਂ ਲੋਕਾਂ ਨੂੰ ਉਪਲਬਧ ਕਰਵਾਈਆਂ। ਉਨ੍ਹਾਂ ਵੱਲੋਂ ਦਿੱਲੀ ਵਿਚ ਸਿੱਖਿਆ ਅਤੇ ਸਿਹਤ ਦੀ ਬਿਹਤਰੀ ਲਈ ਜੋ ਕੰਮ ਕੀਤਾ ਗਿਆ ਉਸ ਤੋਂ ਸਾਰਾ ਦੇਸ਼ ਭਲੀ ਭਾਂਤ ਜਾਣੂ ਹੈ। ਅੱਜ ਦਿੱਲੀ ਦੇ ਵਿਕਾਸ ਮਾਡਲ ਦੀ ਦੁਨਿਆਂ ਭਰ ਵਿਚ ਤਾਰੀਫ਼ ਹੋ ਰਹੀ ਹੈ। ਵਿਦੇਸ਼ੀ ਮਹਿਮਾਨ ਜਦੋਂ ਭਾਰਤ ਆਉਂਦੇ ਹਨ ਤਾਂ ਦਿੱਲੀ ਦੇ ਸਰਕਾਰੀ ਸਕੂਲਾਂ ਦਾ ਵੀ ਦੌਰਾ ਕਰਦੇ ਹਨ।
ਉਨ੍ਹਾਂ ਕਿਹਾ ਕਿ ਅਰਵਿੰਦ ਕੇਜਰੀਵਾਲ ਦੀ ਗਰੰਟੀ ਤਹਿਤ ਪੰਜਾਬ ਵਿਚ ਮਾਰਚ 2022 'ਚ ਸਰਕਾਰ ਬਣਦਿਆਂ ਹੀ ਸਾਰੇ ਪਰਿਵਾਰਾਂ ਨੂੰ 300 ਯੁਨਿਟ ਬਿਜਲੀ ਮੁਫ਼ਤ ਦਿੱਤੀ ਜਾਵੇਗੀ। ਪੰਜਾਬ ਦੇ ਪਿੰਡਾਂ ਵਿੱਚ 16000 ਕਲੀਨੀਕ ਬਣਾਏ ਜਾਣਗੇ। ਸਾਰੇ ਸਰਕਾਰੀ ਹਸਪਤਾਲਾਂ ਵਿਚ ਡਾਕਟਰਾਂ ਦਾ ਪੁਖਤਾ ਪ੍ਰਬੰਧ ਹੋਵੇਗਾ ਅਤੇ ਲੋਕਾਂ ਦਾ ਮੁਫ਼ਤ ਇਲਾਜ ਕੀਤਾ ਜਾਵੇਗਾ। ਮੌਜੂਦਾ ਸਮੇਂ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਆਉਣ ਤੇ ਸਿਹਤ ਸਹੂਲਤਾਂ ਨੂੰ ਧੁਰ ਤੋਂ ਨਵੀਂ ਨੁਹਾਰ ਦਿੱਤੀ ਜਾਵੇਗੀ ਤਾਂ ਜੋ ਸਾਰੇ ਸਰਕਾਰੀ ਹਸਪਤਾਲਾਂ ਵਿੱਚ ਮੁਫ਼ਤ ਜਾਂਚ ਅਤੇ ਦਵਾ-ਦਾਰੂ ਦੀ ਵਿਵਸਥਾ ਹੋ ਸਕੇ। ਮਾਰਚ 2022 ਤੋਂ ਬਾਅਦ ਸਰਕਾਰੀ ਹਸਪਤਾਲਾਂ ਦੇ ਮਰੀਜ਼ਾਂ ਨੂੰ ਬਾਹਰੋਂ ਟੈਸਟ ਨਹੀਂ ਕਰਵਾਉਣੇ ਪੈਣਗੇ।
ਮਾਨ ਨੇ ਕਿਹਾ ਕਿ ਆਮ ਆਦਮੀ ਪਾਰਟੀ ਪੰਜਾਬ ਕਿਸਾਨਾਂ ਦੀ ਤਰੱਕੀ ਲਈ ਵਚਨਬੱਧ ਹੈ। ਖੇਤੀ ਦਾ ਵਿਕਾਸ ਆਮ ਆਦਮੀ ਪਾਰਟੀ ਦੀ ਪਹਿਲੀ ਪ੍ਰਾਥਮਿਕਤਾ ਹੋਵੇਗੀ। ਅਰਵਿੰਦ ਕੇਜਰੀਵਾਲ ਨੇ ਕਿਸਾਨਾਂ ਨਾਲ ਵਾਅਦਾ ਕੀਤਾ ਹੈ ਕਿ ਮਾਰਚ 2022 ਤੋਂ ਬਾਅਦ ਪੰਜਾਬ ਵਿੱਚ ਇੱਕ ਵੀ ਕਿਸਾਨ ਖੁਦਕੁਸ਼ੀ ਨਹੀਂ ਕਰੇਗਾ। 'ਆਪ' ਦੀ ਸਰਕਾਰ ਵਪਾਰੀਆਂ ਅਤੇ ਉਦਯੋਗਪਤੀਆਂ ਲਈ ਵੀ ਲਾਭਦਾਇਕ ਸਾਬਤ ਹੋਵੇਗੀ। ਪਿਛਲੀਆਂ ਸਰਕਾਰਾਂ ਦੀਆਂ ਗਲਤ ਨੀਤੀਆਂ ਕਾਰਨ ਪੰਜਾਬ ਵਿੱਚ ਉਦਯੋਗ ਨੂੰ ਡੂੰਘੀ ਸੱਟ ਵੱਜੀ ਹੈ। ਉਦਯੋਗ ਨੂੰ ਵਧਾਵਾ ਦੇਕੇ ਪੰਜਾਬ ਦੇ ਨੌਜਵਾਨਾਂ ਲਈ ਰੁਜ਼ਗਾਰ ਦੇ ਨਵੇਂ ਰਾਹ ਖੋਲ੍ਹੇ ਜਾਣਗੇ।
ਉਨ੍ਹਾਂ ਦੱਸਿਆ ਕਿ ' ਆਪ ' ਦੀ ਸਰਕਾਰ ਆਉਣ 'ਤੇ ਦਿੱਲੀ ਦੇ ਸਰਕਾਰੀ ਸਕੂਲਾਂ ਵਾਂਗ ਪੰਜਾਬ ਦੇ ਸਰਕਾਰੀ ਸਕੂਲਾਂ ਨੂੰ ਆਧੁਨਿਕ ਅਤੇ ਅੰਤਰਰਾਸ਼ਟਰੀ ਪੱਧਰ ਉੱਤੇ ਵਿਕਸਿਤ ਕੀਤਾ ਜਾਵੇਗਾ। ਮਾਰਚ 2022 ਤੋਂ ਬਾਅਦ ਗ਼ਰੀਬ ਜਾਂ ਅਮੀਰ ਘਰ ਦੇ ਬੱਚਿਆਂ ਦੀ ਪੜ੍ਹਾਈ ਵਿੱਚ ਕੋਈ ਫਰਕ ਨਹੀਂ ਰਹੇਗਾ। ਉਨ੍ਹਾਂ ਪੰਜਾਬ ਦੇ ਲੋਕਾਂ ਨੂੰ ਪੰਜਾਬ ਦੀ ਖੁਸ਼ਹਾਲੀ, ਤਰੱਕੀ ਅਤੇ ਵਿਕਾਸ ਲਈ 2022 ਵਿਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਾਉਣ ਦੀ ਅਪੀਲ ਕੀਤੀ।