ਦਲਜੀਤ ਕੌਰ ਭਵਾਨੀਗੜ੍ਹ
ਟਿੱਕਰੀ ਬਾਰਡਰ ਦਿੱਲੀ, 07 ਨਵੰਬਰ, 2021: ਖੇਤੀ ਮਾਰੂ ਕਾਲੇ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਦਿੱਲੀ ਬਾਡਰਾਂ ਉੱਤੇ ਚੱਲ ਰਹੇ ਪੱਕੇ ਮੋਰਚਿਆਂ ਵਿੱਚ ਲੋਕਾਂ ਦਾ ਆਉਣਾ ਜਾਰੀ ਹੈ। ਖੇਤੀ ਸੀਜ਼ਨ ਵਿੱਚ ਰੁੱਝੀ ਕਿਸਾਨੀ ਦੀ ਮੋਰਚਿਆਂ ਉੱਤੇ ਘਾਟ ਨੂੰ ਪੂਰਦਿਆਂ ਰੋਡਵੇਜ਼ ਮੁਲਾਜਮਾਂ ਦੇ ਇੱਕ ਵੱਡੇ ਜੱਥੇ ਨੇ ਸਿੰਘੂ ਅਤੇ ਟਿੱਕਰੀ ਬਾਡਰ ਉੱਤੇ ਸ਼ਿਰਕਤ ਕੀਤੀ। "ਪੰਜਾਬ ਗੌਰਮਿੰਟ ਟਰਾਂਸਪੋਰਟ ਵਰਕਰਜ਼ ਯੂਨੀਅਨ (ਏਟਕ)" ਦੇ ਝੰਡੇ ਹੇਠ ਗੁਰਦੀਪ ਸਿੰਘ ਮੋਤੀ ਸਰਪ੍ਰਸਤ, ਗੁਰਜੀਤ ਸਿੰਘ ਬਟਾਲਾ, ਜਗਦੀਸ਼ਰ ਸਿੰਘ ਚਾਹਲ ਅਤੇ ਗੁਰਮੇਲ ਸਿੰਘ ਮੈਡਲੇ ਦੀ ਅਗਵਾਈ ਵਿੱਚ ਮੁਲਾਜਮਾਂ ਅਤੇ ਪੈਨਸ਼ਨਰਾਂ ਨੇ ਕਿਹਾ ਕਿ ਇਸ ਇਤਿਹਾਸਕ ਸੰਘਰਸ਼ ਵਿੱਚ ਸ਼ਾਮਲ ਹੋਣਾ ਉਹਨਾਂ ਦਾ ਨੈਤਿਕ ਫਰਜ਼ ਹੈ। (MOREPIC1)
ਉਨ੍ਹਾਂ ਕਿਹਾ ਕਿ ਇਹ ਅੰਦੋਲਨ ਸ਼ੁਰੂ ਭਾਵੇਂ ਕਿਸਾਨੀ ਨੇ ਕੀਤਾ ਹੈ ਪਰ ਇਸਨੂੰ ਜਿੱਤਣ ਲਈ ਮੁਲਾਜ਼ਮ, ਮਜ਼ਦੂਰ, ਦੁਕਾਨਦਾਰ, ਛੋਟੇ ਕਾਰੋਬਾਰੀ ਸਮੇਤ ਸਭ ਆਪਣਾ ਤਾਣ ਲਗਾਉਣ। ਕਿਉਂਕਿ ਰੋਟੀ ਹਰ ਮਨੁੱਖ ਦੀ ਲੋੜ ਹੈ ਅਤੇ ਜੇਕਰ ਇਹਨਾਂ ਕਾਲੇ ਕਾਨੂੰਨਾਂ ਰਾਹੀਂ ਕਾਰਪੋਰਟ ਘਰਾਣਿਆਂ ਨੂੰ ਅਨਾਜ਼ ਅਤੇ ਜਮੀਨਾਂ ਉੱਤੇ ਕਬਜ਼ਾ ਕਰਨ ਦੀ ਖੁੱਲ੍ਹ ਦਿੱਤੀ ਗਈ ਤਾਂ ਜਿੰਦਗੀ ਤਬਾਹ ਹੋ ਜਾਵੇਗੀ। ਮੁਲਾਜ਼ਮ ਆਗੂਆਂ ਨੇ ਕਿਹਾ ਕਿ ਖੇਤੀ ਅੰਦੋਲਨ ਨਾਲ ਮੁਲਾਜ਼ਮ ਵਰਗ ਮੋਢੇ ਨਾਲ ਮੋਢਾ ਜੋੜ ਕੇ ਖੜਾ ਹੈ। ਇਸ ਅੰਦੋਲਨ ਦੀ ਸਫ਼ਲਤਾ ਆਉਣ ਵਾਲੇ ਸਮੇਂ ਵਿੱਚ ਸਮੁੱਚੇ ਸਮਾਜ ਦਾ ਮੂੰਹ ਮੁਹਾਂਦਰਾ ਬਦਲ ਦੇਵੇਗੀ।
ਟਿੱਕਰੀ ਬਾਡਰ ਦੀ ਸਟੇਜ਼ ਉੱਤੋਂ ਰੋਡਵੇਜ਼ ਮੁਲਾਜਮਾਂ ਦੇ ਇਸ ਜੱਥੇ ਦਾ ਸਵਾਗਤ ਕਰਦਿਆਂ ਕੁੱਲ ਹਿੰਦ ਕਿਸਾਨ ਸਭਾ ਦੇ ਕਾਰਜਕਾਰੀ ਪ੍ਰਧਾਨ ਬਲਕਰਨ ਬਰਾੜ, ਮੀਤ ਪ੍ਰਧਾਨ ਕੁਲਵੰਤ ਮੌਲਵੀਵਾਲਾ ਅਤੇ ਪੰਜਾਬ ਕਿਸਾਨ ਯੂਨੀਅਨ ਦੀ ਜਸਬੀਰ ਕੌਰ ਨੱਤ ਨੇ ਕਿਹਾ ਕਿ ਕਾਰਪੋਰਟ ਘਰਾਣਿਆਂ ਦੀ ਦਲਾਲ ਭਾਜਪਾ ਸਰਕਾਰ ਨਾਲ ਕਿਸਾਨਾਂ ਅਤੇ ਮੁਲਾਜਮਾਂ ਦੀ ਸਾਂਝੀ ਲੜਾਈ ਹੈ। ਸਰਕਾਰ ਨੇ ਕਿਰਤ ਕਾਨੂੰਨਾਂ ਨੂੰ ਤੋੜ ਕੇ ਜਿੱਥੇ ਮੁਲਾਜਮ ਵਰਗ ਉੱਤੇ ਕੁਹਾੜਾ ਚਲਾਇਆ ਹੈ, ਓਥੇ ਖੇਤੀ ਲਈ ਕਾਲੇ ਕਾਨੂੰਨ ਲਿਆ ਕੇ ਹਰ ਅੰਨ ਖਾਂਦੇ ਵਿਅਕਤੀ ਦਾ ਗਲਾ ਘੁੱਟਣ ਲਈ ਹੱਥ ਵਧਾ ਦਿੱਤਾ ਹੈ।
ਕਿਸਾਨ ਆਗੂਆਂ ਨੇ ਕਿਹਾ ਕਿ ਮੋਦੀ ਸਰਕਾਰ ਨੇ ਕਾਰਪੋਰਟ ਘਰਾਣਿਆਂ ਦੀ ਦਲਾਲ ਬਣਕੇ ਦੇਸ਼ ਦੀ ਜਨਤਾ ਨਾਲ ਗਦਾਰੀ ਕੀਤੀ ਹੈ। ਸਰਕਾਰ ਆਪਣੀਆਂ ਨਲਾਇਕੀਆਂ ਲੁਕਾਉਣ ਲਈ ਫ਼ਿਰਕੂ ਫ਼ਸਾਦਾਂ ਦੀਆਂ ਲਗਾਤਾਰ ਕੋਸ਼ਿਸ਼ਾਂ ਕਰ ਰਹੀ ਹੈ, ਪਰ ਲੋਕ ਰੋਟੀ ਲਈ, ਆਪਣੇ ਕਿੱਤਿਆਂ ਅਤੇ ਰੁਜ਼ਗਾਰ ਲਈ ਇੱਕਜੁੱਟ ਰਹਿਣਗੇ। ਉਹਨਾਂ ਕਿਹਾ ਕਿ ਇੱਕ ਸਾਲ ਪੂਰਾ ਕਰਨ ਜਾ ਰਹੇ ਕਿਸਾਨ ਅੰਦੋਲਨ ਨੇ ਸਰਕਾਰ ਦੇ ਉਹ ਸਾਰੇ ਭਰਮ ਤੋੜ ਦਿੱਤੇ ਹਨ, ਜੋ ਉਸਨੇ ਸੋਚਿਆ ਸੀ ਕਿ ਲੋਕ ਹਫਤਾ ਜਾਂ ਦਸ ਦਿਨ ਬਾਡਰ ਉੱਤੇ ਬੈਠ ਕੇ ਮੁੜ ਜਾਣਗੇ। ਲੋਕ ਇਸ ਅੰਦੋਲਨ ਨੂੰ ਜਿੱਤ ਕੇ ਦੁਨੀਆਂ ਵਿੱਚ ਇੱਕ ਇਤਿਹਾਸਕ ਮਿਸਾਲ ਕਾਇਮ ਕਰਨ ਜਾ ਰਹੇ ਹਨ।
ਕਿਸਾਨ ਮੋਰਚੇ ਦੇ ਆਗੂਆਂ ਨੇ ਕਿਹਾ ਕਿ ਪਿਛਲੇ ਦਿਨੀਂ ਮੋਰਚੇ 'ਤੇ ਪੰਜਾਬ ਤੋਂ ਸ਼ਹੀਦ ਹੋਈਆਂ ਤਿੰਨ ਬੀਬੀਆਂ ਨੂੰ ਅੱਜ ਸ਼ਰਧਾਂਜਲੀਆਂ ਭੇਂਟ ਕਰਦਿਆਂ ਆਗੂਆਂ ਨੇ ਕਿਹਾ ਕਿ ਇਸ ਅੰਦੋਲਨ ਦਾ ਹਰ ਸ਼ਹੀਦ ਯਾਦ ਰੱਖਿਆ ਜਾਵੇਗਾ। ਹੁਣ ਤੱਕ ਇਸ ਅੰਦੋਲਨ ਵਿੱਚ ਹੋਈਆਂ ਅੱਠ ਸੌ ਸ਼ਹਾਦਤਾਂ, ਭਾਰਤੀ ਜਨਤਾ ਪਾਰਟੀ ਦੇ ਮੱਥੇ ਉੱਤੇ ਅਜਿਹਾ ਦਾਗ ਹਨ, ਜਿਸਨੂੰ ਕਦੇ ਵੀ ਮਿਟਾਇਆ ਨਹੀਂ ਜਾ ਸਕਦਾ। ਖੇਤੀ ਦੀ ਰਾਖੀ ਲਈ ਸ਼ਹੀਦ ਹੋਏ ਅਮਰ ਰਹਿਣਗੇ।
ਇਸ ਮੌਕੇ ਸੁਰਿੰਦਰ ਢੰਡੀਆਂ, ਭਜਨ ਸਿੰਘ ਤਾਰੇਵਾਲਾ, ਹਰਪ੍ਰੀਤ ਝਬੇਲਵਾਲੀ, ਸੁਖਵਿੰਦਰ ਬਹਿਰਾਮਕੇ, ਅਵਤਾਰ ਗਗੜਾ, ਸੁਰਿੰਦਰ ਬਰਾੜ, ਬਲਰਾਜ ਭੰਗੂ, ਸਵਰਨ ਹਠੂਰ, ਗੁਰਬਖਸ਼ ਬਟਾਲਾ, ਅੰਗਰੇਜ ਮੁਕਤਸਰ, ਦੀਦਾਰ ਪੱਟੀ, ਕਿਰਨਦੀਪ ਢਿੱਲੋਂ, ਮਨਜੀਤ ਮਨਸੂਰਾਂ ਅਤੇ ਸੁਖਜਿੰਦਰ ਮਹੇਸ਼ਰੀ ਆਦਿ ਹਾਜ਼ਰ ਸਨ।