ਦਲਜੀਤ ਕੌਰ ਭਵਾਨੀਗੜ੍ਹ
ਦਿੱਲੀ, 6 ਨਵੰਬਰ, 2021: ਕਿਸਾਨ ਅੰਦੋਲਨ ਤੋਂ; ਦੇਸ਼ ਦੀ ਰਾਜਧਾਨੀ ਦੀਆਂ ਹੱਦਾਂ ਉੱਤੇ ਪਿਛਲੇ ਗਿਆਰਾਂ ਮਹੀਨਿਆਂ ਤੋਂ ਕਾਲੇ ਕਾਨੂੰਨਾਂ ਖ਼ਿਲਾਫ਼ ਚੱਲ ਰਿਹਾ ਅੰਦੋਲਨ ਖੇਤੀ ਸੀਜ਼ਨ ਮੌਕੇ ਵੀ ਭਖਿਆ ਹੋਇਆ ਹੈ। ਭਾਵੇਂ ਕਿਸਾਨੀ ਵੱਡੇ ਪੱਧਰ ਉੱਤੇ ਝੋਨੇ ਦੀ ਵਢਾਈ ਅਤੇ ਕਣਕ ਦੀ ਬਿਜਾਈ ਵਿੱਚ ਰੁੱਝੀ ਹੋਈ ਹੈ, ਪਰ ਅੰਦੋਲਨ ਦੇ ਹੱਕ ਵਿੱਚ ਵੱਖ ਵੱਖ ਤਬਕੇ ਦਿੱਲੀ ਬਾਡਰਾਂ 'ਤੇ ਹਾਜ਼ਰੀ ਭਰ ਰਹੇ ਹਨ।
ਅੱਜ ਇੱਥੇ ਸਿੰਘੂ ਬਾਡਰ ਉੱਤੇ ਮੁਲਾਜਮਾਂ ਦਾ ਇੱਕ ਜੱਥਾ "ਪੰਜਾਬ ਗੌਰਮਿੰਟ ਟਰਾਂਸਪੋਰਟ ਵਰਕਰਜ਼ ਯੂਨੀਅਨ (ਏਟਕ)" ਦੀ ਅਗਵਾਈ ਵਿੱਚ ਪੁੱਜਿਆ। ਜੱਥੇ ਦੀ ਅਗਵਾਈ ਕਰ ਰਹੇ ਜੱਥੇਬੰਦੀ ਦੇ ਸਰਪ੍ਰਸਤ ਗੁਰਦੀਪ ਸਿੰਘ ਮੋਤੀ, ਗੁਰਜੀਤ ਸਿੰਘ ਬਟਾਲਾ ਪ੍ਰਧਾਨ ਅਤੇ ਜਗਦੀਸ਼ ਸਿੰਘ ਚਾਹਲ ਨੇ ਕਿਹਾ ਕਿ ਜੱਥੇਬੰਦੀ ਵੱਲੋਂ ਦਿੱਲੀ ਅੰਦੋਲਨ ਵਿੱਚ ਹਿੱਸਾ ਪਾਉਣ ਲਈ ਪੰਜਾਬ ਭਰ ਚੋਂ ਆਇਆ ਇਹ ਨੌਵਾਂ ਜੱਥਾ ਹੈ।
ਉਨ੍ਹਾਂ ਦੱਸਿਆ ਕਿ ਇਸ ਤੋਂ ਇਲਾਵਾ ਰੋਡਵੇਜ਼ ਦੇ ਵੱਖ ਵੱਖ ਡਿਪੂਆਂ ਤੋਂ ਸਾਥੀ ਲਗਾਤਾਰ ਇੱਥੇ ਹਾਜ਼ਰੀ ਭਰਦੇ ਰਹਿੰਦੇ ਹਨ। ਉਹਨਾਂ ਕਿਹਾ ਕਿ ਭਾਜਪਾ ਸਰਕਾਰ ਨੇ ਜਿਸ ਤਰ੍ਹਾਂ ਸਭ ਵਰਗਾਂ ਨੂੰ ਕਰਪੋਰੇਟਾਂ ਦੇ ਬਘਿਆੜ ਅੱਗੇ ਸੁੱਟਿਆ ਹੈ, ਉਸਨੇ ਲੋਕਾਂ ਦਾ ਸਭ ਕੁੱਝ ਨੋਚਣਾ ਸ਼ੁਰੂ ਕੀਤਾ ਹੈ। ਅੱਜ ਕਿਸਾਨੀ ਅੰਦੋਲਨ ਦੀ ਸਫ਼ਲਤਾ ਲਈ ਸਭ ਤਬਕਿਆਂ ਦਾ ਇਸ ਵਿੱਚ ਕੁੱਦਣਾ ਜਰੂਰੀ ਹੈ ਕਿਉਂਕਿ ਇਸ ਮਹਾਨ ਅੰਦੋਲਨ ਨੇ ਹੀ ਸਰਕਾਰ ਦੇ ਵਹਿਸ਼ੀ ਮਨਸੂਬਿਆਂ ਨੂੰ ਘੇਰਿਆ ਹੈ। ਇਸ ਅੰਦੋਲਨ ਦੀ ਕਾਮਯਾਬੀ ਮੁਲਾਜਮਾਂ-ਮਜ਼ਦੂਰਾਂ ਦੀ ਲੜਾਈ ਨੂੰ ਨਵੀਆਂ ਬੁਲੰਦੀਆਂ ਵੱਲ ਲਿਜਾਵੇਗੀ। ਵਰਤਮਾਨ ਸਮੇਂ ਜੇਕਰ ਲੋਕ ਅਵੇਸਲੇ ਰਹੇ ਅਤੇ ਰੋਟੀ ਉੱਤੇ ਕਰਪੋਰੇਟ ਘਰਾਣੇ ਕਾਬਜ਼ ਹੋ ਗਏ ਤਾਂ ਇੱਥੇ ਬਜ਼ਾਰ ਅਤੇ ਰੁਜ਼ਗਾਰ ਬੁਰੀ ਤਰ੍ਹਾਂ ਪ੍ਰਭਾਵਿਤ ਹੋਣਗੇ।
ਇੱਥੇ ਸਿੰਘੂ ਬਾਡਰ ਉੱਤੇ ਦਾਖ਼ਲ ਹੋਣ ਵੇਲੇ ਇਸ ਜੱਥੇ ਨੂੰ ਕੁੱਲ ਹਿੰਦ ਕਿਸਾਨ ਸਭਾ ਦੇ ਸੂਬਾ ਮੀਤ ਪ੍ਰਧਾਨ ਲਖਬੀਰ ਨਿਜ਼ਾਮਪੁਰ ਅਤੇ ਸੂਬਾ ਆਗੂ ਗੁਲਜ਼ਾਰ ਸਿੰਘ ਬਸੰਤਕੋਟ ਨੇ ਜੀ ਆਇਆਂ ਕਿਹਾ। ਇਹਨਾਂ ਕਿਸਾਨ ਆਗੂਆਂ ਨੇ ਕਿਹਾ ਕਿ ਖੇਤੀ ਸੀਜ਼ਨ ਦੇ ਬਾਵਜ਼ੂਦ ਅੰਦੋਲਨ ਦਾ ਜੁਝਾਰੂਪਣ ਕਾਇਮ ਹੈ ਅਤੇ ਹਰ ਵਰਗ ਦਾ ਇਸ ਵਿੱਚ ਸ਼ਾਮਿਲ ਹੋਣਾ ਇਹ ਦੱਸਦਾ ਹੈ ਕਿ ਇਹ ਕਿਸਾਨੀ ਅੰਦੋਲਨ, ਹੁਣ ਜਨ ਅੰਦੋਲਨ ਬਣ ਗਿਆ ਹੈ। ਸਰਕਾਰ ਵੱਲੋਂ ਸਭ ਤਰ੍ਹਾਂ ਦੇ ਕੋਝੇ ਹੱਥਕੰਡੇ ਵਰਤ ਕੇ ਵੀ ਇਸ ਜਨ ਅੰਦੋਲਨ ਨੂੰ ਜਿੱਤਣ ਤੋਂ ਰੋਕਿਆ ਨਹੀਂ ਜਾ ਸਕਦਾ।
ਬੁਲਾਰਿਆਂ ਨੇ ਅੰਦੋਲਨ ਦੀ ਸਟੇਜ ਉੱਤੋਂ ਕਿਹਾ ਕਿ ਖੇਤੀ ਮਾਰੂ ਕਾਲੇ ਕਾਨੂੰਨ ਲਿਆਉਣਾ ਅਤੇ ਕਿਰਤ ਕਾਨੂੰਨਾਂ ਨੂੰ ਤੋੜਣਾ ਭਾਜਪਾ ਸਰਕਾਰ ਦਾ ਦੇਸ਼ ਵਿਰੋਧੀ ਕਦਮ ਹੈ। ਕਾਰਪੋਰਟ ਘਰਾਣਿਆਂ ਨੂੰ ਖੁਸ਼ ਕਰਨ ਲਈ ਮੋਦੀ ਸਰਕਾਰ ਇਹ ਗੁਨਾਹ ਕਰ ਰਹੀ ਹੈ। ਆਗੂਆਂ ਨੇ ਕਿਹਾ ਕਿ ਇਹ ਅੰਦੋਲਨ ਨਾਲ ਟਕਰਾਉਣ ਵਾਲੀ ਸਰਕਾਰ ਲਾਜ਼ਮੀ ਹੀ ਚਕਨਾਚੂਰ ਹੋਵੇਗੀ।
ਇਸ ਮੌਕੇ ਅਵਤਾਰ ਗਗੜਾ, ਸੁਰਿੰਦਰ ਬਰਾੜ, ਬਲਰਾਜ ਭੰਗੂ, ਗੁਰਮੇਲ ਮੈਡਲੇ, ਸਵਰਨ ਹਠੂਰ, ਗੁਰਬਖਸ਼ ਬਟਾਲਾ, ਅੰਗਰੇਜ ਮੁਕਤਸਰ, ਦੀਦਾਰ ਪੱਟੀ, ਕਿਰਨਦੀਪ ਢਿੱਲੋਂ, ਮਨਜੀਤ ਮਨਸੂਰਾਂ, ਹਰਦਿਆਲ ਘਾਲੀ, ਅਜੂਸ਼ ਲੁਧਿਆਣਾ, ਤਰਸੇਮ ਮੌਜਗੜ ਅਤੇ ਸੁਖਜਿੰਦਰ ਮਹੇਸਰੀ ਆਦਿ ਹਾਜ਼ਰ ਸਨ।