ਨਵੀਂ ਦਿੱਲੀ, 6 ਨਵੰਬਰ, ਦੇਸ਼ ਕਲਿੱਕ ਬਿਓਰੋ
ਸੈਂਟਰਲ ਬੋਰਡ ਆਫ਼ ਸੈਕੰਡਰੀ ਐਜੂਕੇਸ਼ਨ (CBSE) ਨੇ ਸਕੂਲ ਦੇ ਪ੍ਰਿੰਸੀਪਲਾਂ ਨੂੰ 10ਵੀਂ ਅਤੇ 12ਵੀਂ ਦੀ ਟਰਮ-1 ਦੀ ਪ੍ਰੀਖਿਆ ਵਿੱਚ ਬੈਠਣ ਵਾਲੇ ਵਿਦਿਆਰਥੀਆਂ ਨੂੰ ਆਪਟੀਕਲ ਮਾਰਕ ਰੀਕੋਗਨੀਸ਼ਨ (OMR) ਸ਼ੀਟਾਂ ਬਾਰੇ ਸਾਰੀ ਜਾਣਕਾਰੀ ਮੁਹੱਈਆ ਕਰਵਾਉਣ ਲਈ ਕਿਹਾ ਹੈ। ਸੀਬੀਐਸਈ ਨੇ 10ਵੀਂ ਅਤੇ 12ਵੀਂ ਜਮਾਤ ਦੀ ਟਰਮ-1 ਪ੍ਰੀਖਿਆ ਨੂੰ ਲੈ ਕੇ ਮਹੱਤਵਪੂਰਨ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਹਨ। ਇਹ ਪ੍ਰੀਖਿਆ OMR ਸ਼ੀਟ 'ਤੇ ਕਰਵਾਈ ਜਾਣੀ ਹੈ।
ਅਜਿਹੇ ਵਿੱਚ ਸੀਬੀਐਸਈ ਵੱਲੋਂ ਸਾਰੇ ਸਕੂਲਾਂ ਦੇ ਮੁਖੀਆਂ ਨੂੰ ਇੱਕ ਪੱਤਰ ਲਿਖਿਆ ਗਿਆ ਹੈ, ਜਿਸ ਵਿੱਚ ਦੱਸਿਆ ਗਿਆ ਹੈ ਕਿ ਉਨ੍ਹਾਂ ਨੇ ਇਸ ਪ੍ਰੀਖਿਆ ਦੀ ਤਿਆਰੀ ਕਿਵੇਂ ਕਰਨੀ ਹੈ ਅਤੇ ਇਸ ਸਬੰਧੀ ਕੀ ਸਾਵਧਾਨੀਆਂ ਵਰਤਣੀਆਂ ਹਨ। ਸੀਬੀਐਸਈ ਦੇ ਮਾਨਤਾ ਪ੍ਰਾਪਤ ਸਕੂਲਾਂ ਦੇ ਪ੍ਰਿੰਸੀਪਲਾਂ ਨੂੰ ਲਿਖੇ ਪੱਤਰ ਵਿੱਚ ਬੋਰਡ ਨੇ ਕਿਹਾ, "ਤੁਸੀਂ ਜਾਣਦੇ ਹੋ ਕਿ ਸੀਬੀਐਸਈ ਪਹਿਲੀ ਵਾਰ 10ਵੀਂ ਅਤੇ 12ਵੀਂ ਜਮਾਤ ਦੇ ਮੁਲਾਂਕਣ ਲਈ OMR ਦੀ ਵਰਤੋਂ ਕਰੇਗਾ।" ਇਸ ਲਈ, ਇਹ ਜਰੂਰੀ ਹੈ ਕਿ ਟਰਮ-1 ਦੀ ਪ੍ਰੀਖਿਆ ਵਿੱਚ ਸ਼ਾਮਲ ਹੋਣ ਵਾਲੇ ਸਾਰੇ ਵਿਦਿਆਰਥੀਆਂ ਅਤੇ ਸਕੂਲਾਂ ਨੂੰ OMR ਸ਼ੀਟ ਬਾਰੇ ਪੂਰੀ ਜਾਣਕਾਰੀ ਹੋਣੀ ਚਾਹੀਦੀ ਹੈ।
ਪ੍ਰੀਖਿਆਵਾਂ 16 ਨਵੰਬਰ ਤੋਂ ਸ਼ੁਰੂ ਹੋਣਗੀਆਂ। ਟਰਮ-1 ਪ੍ਰੀਖਿਆ ਦੇ ਹਰੇਕ ਪੇਪਰ ਵਿੱਚ 90 ਮਿੰਟ ਦੀ ਮਿਆਦ ਦੇ ਨਾਲ ਵੱਧ ਤੋਂ ਵੱਧ 60 ਪ੍ਰਸ਼ਨ ਹੋਣਗੇ। ਵਿਦਿਆਰਥੀਆਂ ਨੂੰ OMR ਸ਼ੀਟ 'ਤੇ ਸਿਰਫ਼ ਪੈੱਨ ਨਾਲ ਉੱਤਰ ਭਰਨਾ ਹੋਵੇਗਾ, ਜਿਸ ਵਿੱਚ ਪੈਨਸਿਲ ਦੀ ਵਰਤੋਂ ਨਿਯਮਾਂ ਦੇ ਵਿਰੁੱਧ ਮੰਨੀ ਜਾਵੇਗੀ। ਪੱਤਰ ਵਿੱਚ ਕਿਹਾ ਗਿਆ ਹੈ ਕਿ ਸਕੂਲ ਦਿਸ਼ਾ-ਨਿਰਦੇਸ਼ਾਂ ਵਿੱਚ ਦਿੱਤੇ ਗਏ ਸ਼ਡਿਊਲ ਅਨੁਸਾਰ ਪਹਿਲਾਂ ਹੀ ਓਐਮਆਰ ਸ਼ੀਟਾਂ ਨੂੰ ਡਾਊਨਲੋਡ ਕਰ ਸਕਦੇ ਹਨ। ਬੋਰਡ ਨੇ ਕਿਹਾ ਹੈ ਕਿ ਸਕੂਲਾਂ ਨੂੰ ਸੀਬੀਐਸਈ ਦੁਆਰਾ ਮੁਹੱਈਆ ਕਰਵਾਈ ਗਈ ਜਾਣਕਾਰੀ ਦੇ ਆਧਾਰ 'ਤੇ ਵਿਦਿਆਰਥੀਆਂ ਲਈ ਅਭਿਆਸ ਸੈਸ਼ਨ ਕਰਵਾਉਣ ਦੀ ਬੇਨਤੀ ਕੀਤੀ ਜਾਂਦੀ ਹੈ।