ਨਵੀਂ ਦਿੱਲੀ/23ਅਕਤੂਬਰ/ਦੇਸ਼ ਕਲਿਕ ਬਿਊਰੋ:
ਸਿੰਘੂ ਬਾਰਡਰ 'ਤੇ ਲਖਬੀਰ ਸਿੰਘ ਦੇ ਬੇਰਹਿਮੀ ਨਾਲ ਕਤਲ ਦੇ ਮਾਮਲੇ 'ਚ ਆਤਮ ਸਮਰਪਣ ਕਰਨ ਤੋਂ ਬਾਅਦ ਰਿਮਾਂਡ 'ਤੇ ਚੱਲ ਰਹੇ ਚਾਰ ਨਿਹੰਗਾਂ ਨੂੰ ਪੁਲਿਸ ਨੇ ਅੱਜ ਸ਼ਨੀਵਾਰ ਨੂੰ ਪੇਸ਼ ਕੀਤਾ। ਦੋਵਾਂ ਧਿਰਾਂ ਦੀਆਂ ਦਲੀਲਾਂ ਸੁਣਨ ਤੋਂ ਬਾਅਦ ਪੁਲਿਸ ਨੇ ਚਾਰਾਂ ਦਾ ਰਿਮਾਂਡ ਦੋ ਦਿਨਾਂ ਲਈ ਵਧਾ ਦਿੱਤਾ ਹੈ। ਨਿਹੰਗਾਂ ਦੀ ਪੇਸ਼ੀ ਦੇ ਮੱਦੇਨਜ਼ਰ ਅਦਾਲਤੀ ਕੰਪਲੈਕਸ ਵਿੱਚ ਸੁਰੱਖਿਆ ਦੇ ਪੁਖਤਾ ਪ੍ਰਬੰਧ ਕੀਤੇ ਗਏ ਸਨ। ਮੁੱਖ ਗੇਟ ਦੇ ਅੰਦਰ ਮੀਡੀਆ ਦੇ ਦਾਖਲੇ 'ਤੇ ਵੀ ਪਾਬੰਦੀ ਲਗਾਈ ਗਈ ਸੀ।
ਤਰਨਤਾਰਨ ਜ਼ਿਲ੍ਹੇ ਦੇ ਪਿੰਡ ਚੀਮਾ ਖੁਰਦ ਦੇ ਵਸਨੀਕ ਲਖਬੀਰ ਸਿੰਘ ਦੇ ਕਤਲ ਦੇ ਮਾਮਲੇ ਵਿੱਚ ਪੁਲਿਸ ਵੱਲੋਂ ਚਾਰ ਨਿਹੰਗਾਂ ਨਰਾਇਣ ਸਿੰਘ, ਸਰਬਜੀਤ ਸਿੰਘ, ਭਗਵੰਤ ਸਿੰਘ ਅਤੇ ਗੋਵਿੰਦਪ੍ਰੀਤ ਸਿੰਘ ਨੂੰ ਗ੍ਰਿਫਤਾਰ ਕੀਤਾ ਜਾ ਚੁੱਕਾ ਹੈ। ਅੱਜ ਸ਼ਨੀਵਾਰ ਨੂੰ ਪੁਲਸ ਨੇ ਚਾਰਾਂ ਨੂੰ ਡਿਊਟੀ ਮੈਜਿਸਟ੍ਰੇਟ ਦੀ ਅਦਾਲਤ 'ਚ ਪੇਸ਼ ਕੀਤਾ। ਪੁਲਿਸ ਨੇ ਅਦਾਲਤ ਨੂੰ ਸੂਚਿਤ ਕੀਤਾ ਕਿ ਹੁਣ ਤੱਕ ਦੀ ਜਾਂਚ ਦੇ ਬਾਅਦ ਕਤਲ ਦੇ ਮਾਮਲੇ ਵਿੱਚ ਕੁਝ ਹੋਰ ਨਾਮ ਸਾਹਮਣੇ ਆਏ ਹਨ। ਪੁਲਿਸ ਨੇ ਨਵੇਂ ਦੋਸ਼ੀਆਂ ਦੀ ਪਛਾਣ ਅਤੇ ਗ੍ਰਿਫਤਾਰੀ ਲਈ ਅਦਾਲਤ ਤੋਂ ਚਾਰੇ ਨਿਹੰਗਾਂ ਦੇ ਚਾਰ ਦਿਨਾਂ ਦੇ ਰਿਮਾਂਡ ਦੀ ਮੰਗ ਕੀਤੀ।
ਬਚਾਅ ਪੱਖ ਦੇ ਵਕੀਲ ਨੇ ਚਾਰਾਂ ਦਾ ਰਿਮਾਂਡ ਹੋਰ ਵਧਾਉਣ ਦੀ ਮੰਗ ਦਾ ਵਿਰੋਧ ਕੀਤਾ। ਬਚਾਅ ਪੱਖ ਨੇ ਕਿਹਾ ਕਿ ਪੁਲਿਸ ਨੇ ਵਾਰਦਾਤ ਵਾਲੀ ਥਾਂ, ਕਤਲ ਦਾ ਹਥਿਆਰ, ਖੂਨ ਨਾਲ ਲੱਥਪੱਥ ਕੱਪੜੇ ਆਦਿ ਬਰਾਮਦ ਕਰ ਲਏ ਹਨ। ਹੋਰ ਰਿਮਾਂਡ ਦੀ ਲੋੜ ਨਹੀਂ। ਦੋਵਾਂ ਧਿਰਾਂ ਨੂੰ ਸੁਣਨ ਤੋਂ ਬਾਅਦ ਅਦਾਲਤ ਨੇ ਚਾਰੇ ਨਿਹੰਗਾਂ ਦੇ ਪੁਲਿਸ ਰਿਮਾਂਡ ਵਿੱਚ ਦੋ ਦਿਨ ਦਾ ਹੋਰ ਵਾਧਾ ਕਰ ਦਿੱਤਾ।