ਮੈਂ ਪੰਜਾਬ ਅਤੇ ਪੰਜਾਬ ਕਾਂਗਰਸ ਦੀਆਂ ਚਿੰਤਾਵਾਂ ਤੋਂ ਹਾਈਕਮਾਂਡ ਨੂੰ ਜਾਣੂ ਕਰਵਾ ਦਿਤਾ ਹੈ: ਸਿੱਧੂ
ਸਿੱਧੂ ਨੂੰ ਪੰਜਾਬ ਕਾਂਗਰਸ ਦੀ ਪ੍ਰਧਾਨਗੀ ਦਾ ਕੰਮ ਪੂਰਾ ਜ਼ੋਰ ਲਾ ਕੇ ਕਰਨਾ ਚਾਹੀਦਾ: ਰਾਵਤ
ਨਵੀਂ ਦਿੱਲੀ/14ਅਕਤੂਬਰ/ਦੇਸ਼ ਕਲਿਕ ਬਿਊਰੋ:
ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੱਧੂ ਅੱਜ ਵੀਰਵਾਰ ਸ਼ਾਮ ਨਵੀਂ ਦਿੱਲੀ ਸਥਿਤ ਕਾਂਗਰਸ ਮੁੱਖ ਦਫਤਰ ਪਹੁੰਚੇ। ਉਹ ਬਿਨਾਂ ਕਿਸੇ ਨਾਲ ਗੱਲ ਕੀਤੇ ਸਿੱਧਾ ਅੰਦਰ ਚਲੇ ਗਏ। ਸਿੱਧੂ ਨੇ ਕਾਂਗਰਸ ਦੇ ਪੰਜਾਬ ਇੰਚਾਰਜ ਹਰੀਸ਼ ਰਾਵਤ ਅਤੇ ਕੌਮੀ ਜਨਰਲ ਸਕੱਤਰ ਕੇਸੀ ਵੇਣੂਗੋਪਾਲ ਨਾਲ ਮੀਟਿੰਗ ਕੀਤੀ।
ਮੀਟਿੰਗ ਤੋਂ ਬਾਦ ਨਵਜੋਤ ਸਿੱਧੂ ਨੇ ਕਿਹਾ ਕਿ ਮੇਰੀਆਂ ਪੰਜਾਬ, ਪੰਜਾਬ ਕਾਂਗਰਸ ਪ੍ਰਤੀ ਜੋ ਵੀ ਚਿੰਤਾਵਾਂ ਸਨ, ਮੈਂ ਪਾਰਟੀ ਹਾਈ ਕਮਾਂਡ ਨੂੰ ਦੱਸ ਦਿੱਤੀਆਂ ਹਨ। ਮੈਨੂੰ ਕਾਂਗਰਸ ਪ੍ਰਧਾਨ, ਪ੍ਰਿਯੰਕਾ ਗਾਂਧੀ ਅਤੇ ਰਾਹੁਲ ਗਾਂਧੀ 'ਤੇ ਪੂਰਾ ਵਿਸ਼ਵਾਸ ਹੈ। ਉਹ ਜੋ ਵੀ ਫੈਸਲਾ ਲੈਣਗੇ ਉਹ ਕਾਂਗਰਸ ਅਤੇ ਪੰਜਾਬ ਦੇ ਹਿੱਤ ਵਿੱਚ ਹੋਵੇਗਾ, ਮੈਂ ਉਨ੍ਹਾਂ ਦੇ ਹਰ ਹੁਕਮ ਦੀ ਪਾਲਣਾ ਕਰਾਂਗਾ।
ਇਸ ਦੇ ਨਾਲ ਹੀ ਪੰਜਾਬ ਕਾਂਗਰਸ ਦੇ ਇੰਚਾਰਜ ਹਰੀਸ਼ ਰਾਵਤ ਦਾ ਬਿਆਨ ਵੀ ਆਇਆ ਹੈ।ਉਨ੍ਹਾਂ ਕਿਹਾ ਕਿ ਨਵਜੋਤ ਸਿੱਧੂ ਨੇ ਸਪਸ਼ਟ ਕਿਹਾ ਹੈ ਕਿ ਉਨ੍ਹਾਂ ਨੂੰ ਸੋਨੀਆ ਗਾਂਧੀ, ਰਾਹੁਲ ਗਾਂਧੀ ਅਤੇ ਪ੍ਰਿਯੰਕਾ ਗਾਂਧੀ ਦੇ ਆਦੇਸ਼ ਸਵੀਕਾਰ ਹੋਣਗੇ। ਹਰੀਸ਼ ਰਾਵਤ ਨੇ ਕਿਹਾ ਕਿ ਨਵਜੋਤ ਸਿੰਘ ਸਿੱਧੂ ਅਤੇ ਚਰਨਜੀਤ ਸਿੰਘ ਚੰਨੀ ਨੇ ਕੁਝ ਮੁੱਦਿਆਂ 'ਤੇ ਗੱਲ ਕੀਤੀ ਹੈ।ਇਸਦਾ ਹੱਲ ਨਿਕਲੇਗਾ।ਉਨ੍ਹਾਂ ਕਿਹਾ ਕਿ ਕੁਝ ਚੀਜ਼ਾਂ ਹਨ ਜਿਨ੍ਹਾਂ ਨੂੰ ਸਮਾਂ ਲੱਗਦਾ ਹੈ।ਰਾਵਤ ਨੇ ਕਿਹਾ ਕਿ ਆਦੇਸ਼ ਬਹੁਤ ਸਪੱਸ਼ਟ ਹੈ ਕਿ ਉਸਨੂੰ ਪ੍ਰਦੇਸ਼ ਕਾਂਗਰਸ ਕਮੇਟੀ ਪੰਜਾਬ ਦੇ ਪ੍ਰਧਾਨ ਵਜੋਂ ਆਪਣਾ ਕੰਮ ਪੂਰੀ ਤਾਕਤ ਨਾਲ ਕਰਨਾ ਚਾਹੀਦਾ ਹੈ। ਕੱਲ੍ਹ ਤੁਹਾਨੂੰ ਇਸ ਬਾਰੇ ਜ਼ਿਆਦਾ ਜਾਣਕਾਰੀ ਮਿਲੇਗੀ।(advt52)