ਸਰਕਾਰਾਂ ਨੇ ਜਨਤਕ ਅਦਾਰੇ ਨਿੱਜੀ ਪ੍ਰਾਈਵੇਟ ਕੰਪਨੀਆਂ ਦੇ ਹਵਾਲੇ ਕਰਕੇ ਨੌਜਵਾਨਾਂ ਦਾ ਰੁਜ਼ਗਾਰ ਖ਼ਤਮ ਕੀਤਾ: ਕਿਸਾਨ ਮੋਰਚਾ
ਦਲਜੀਤ ਕੌਰ ਭਵਾਨੀਗੜ੍ਹ
ਨਵੀਂ ਦਿੱਲੀ, 13 ਅਕਤੂਬਰ, 2021: ਖੇਤੀ ਵਿਰੋਧੀ ਕਾਲੇ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਦਿੱਲੀ ਦੇ ਟਿਕਰੀ ਬਾਰਡਰ ਤੇ ਗ਼ਦਰੀ ਗੁਲਾਬ ਕੌਰ ਨਗਰ ਵਿਖੇ ਚੱਲ ਰਹੀ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੀ ਸਟੇਜ ਦੀ ਕਾਰਵਾਈ ਨੌਜਵਾਨਾਂ ਵੱਲੋਂ ਸੰਭਾਲੀ ਗਈ।
ਅੱਜ ਦੀ ਸਟੇਜ ਤੋਂ ਬਿੱਟੂ ਸਿੰਘ ਮੱਲਣ ਅਤੇ ਮੱਖਣ ਸਿੰਘ ਹਰੀਗੜ੍ਹ ਨੇ ਕਿਹਾ ਕਿ ਹਕੂਮਤਾਂ ਨੇ ਪਬਲਿਕ ਅਦਾਰੇ ਪ੍ਰਾਈਵੇਟ ਕੰਪਨੀਆਂ ਦੇ ਹਵਾਲੇ ਕਰਕੇ ਨੌਜਵਾਨਾਂ ਲਈ ਰੁਜ਼ਗਾਰ ਦੇ ਸਾਰੇ ਬੂਹੇ ਬੰਦ ਕਰ ਦਿੱਤੇ ਹਨ। ਬੇਰੁਜ਼ਗਾਰ ਨੌਜਵਾਨਾਂ ਨੂੰ ਸੰਘਰਸ਼ ਦੇ ਰਾਹ ਤੋਂ ਰੋਕਣ ਲਈ ਵੋਟ ਪਾਰਟੀਆਂ ਵੱਲੋਂ ਵੋਟਾਂ ਵਿੱਚ ਵੱਡੀ ਪੱਧਰ ਤੇ ਨਸ਼ੇ ਉੱਤੇ ਹੋਰ ਛੋਟੇ ਮੋਟੇ ਲਾਲਚ ਦੇ ਕੇ ਵਰਤਿਆ ਜਾਂਦਾ ਹੈ। ਉਨ੍ਹਾਂ ਨੂੰ ਪੁਲਸ ਕਾਰਵਾਈ ਦੀਆਂ ਛੋਟਾਂ ਦੇ ਕੇ ਲੁੱਟਾਂ ਖੋਹਾਂ ਅਤੇ ਗੈਗਸਟਾਰਾਂ ਵੱਲ ਵਧਣ ਦਾ ਮੌਕਾ ਦਿੱਤਾ ਜਾਂਦਾ ਹੈ।
ਉਨ੍ਹਾਂ ਕਿਹਾ ਕਿ ਖੇਤੀ ਕਾਨੂੰਨਾਂ ਖ਼ਿਲਾਫ਼ ਮੋਰਚੇ ਨੇ ਨੌਜਵਾਨਾਂ ਨੂੰ ਉਨ੍ਹਾਂ ਦੇ ਚੰਗੇ ਭਵਿੱਖ ਦਾ ਰਸਤਾ ਦਿਖਾਇਆ ਹੈ ਅਤੇ ਨੌਜਵਾਨ ਸੰਘਰਸ਼ਾਂ ਦੇ ਮੈਦਾਨ ਵਿੱਚ ਵੱਧ ਤੋਂ ਵੱਧ ਆ ਰਹੇ ਹਨ। ਉਨ੍ਹਾਂ ਕਿਹਾ ਕਿ ਜਦੋਂ ਤੋਂ ਕੇਂਦਰ ਦੀ ਭਾਜਪਾ ਹਕੂਮਤ ਖੇਤੀ ਸੈਕਟਰ ਨੂੰ ਤਬਾਹ ਕਰਨ ਵਾਲੇ ਤਿੰਨ ਕਾਲੇ ਕਾਨੂੰਨ ਲੈ ਕੇ ਆਈ ਹੈ ਉਦੋਂ ਤੋਂ ਹੀ ਸਾਰੀਆਂ ਹੀ ਕਿਸਾਨ ਜਥੇਬੰਦੀਆਂ ਇਨ੍ਹਾਂ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਪੰਜਾਬ ਤੋਂ ਲੈ ਕੇ ਦਿੱਲੀ ਦੇ ਵੱਖ ਵੱਖ ਬਾਰਡਰਾਂ ਤੇ ਮੋਰਚਿਆਂ ਨੂੰ ਭਖਾਇਆ ਹੋਇਆ ਹੈ।
ਕਿਸਾਨ ਆਗੂਆਂ ਨੇ ਕਿਹਾ ਕਿ ਕੇਂਦਰ ਵਿੱਚ ਭਾਜਪਾ ਦੀ ਹਕੂਮਤ ਲੋਕ ਸਭਾ ਵਿੱਚ ਬਹੁਮਤ ਹੋਣ ਤੇ ਸਥਿਰ ਸਰਕਾਰ ਹੋਣ ਕਰਕੇ ਕਾਨੂੰਨ ਰੱਦ ਕਰਨ ਤੇ ਅੜੀ ਹੋਈ ਹੈ ਕਿ ਕਿਸਾਨ ਅੱਕ ਥੱਕ ਕੇ ਨਿਰਾਸ਼ ਹੋ ਕੇ ਆਪਣੇ ਘਰਾਂ ਨੂੰ ਮੁੜ ਜਾਣਗੇ ਪਰ ਅਸੀਂ ਕੇਂਦਰ ਸਰਕਾਰ ਨੂੰ ਸੁਣਾਉਣੀ ਕਰਦੇ ਹਾਂ ਕਿ ਸਾਡੇ ਤੇ ਦੋ ਸੌ ਸਾਲ ਰਾਜ ਕਰਨ ਵਾਲੀ ਅੰਗਰੇਜ਼ ਹਕੂਮਤ ਨੂੰ ਵੀ ਇਸ ਗੱਲ ਦਾ ਭੁਲੇਖਾ ਸੀ ਕਿ ਭਾਰਤ ਤੇ ਸਾਡੀ ਹਕੂਮਤ ਕਦੇ ਵੀ ਖ਼ਤਮ ਨਹੀਂ ਹੋਵੇਗੀ ਪਰ ਜਦੋਂ ਨੌਜਵਾਨਾਂ ਨੇ ਉਨ੍ਹਾਂ ਖ਼ਿਲਾਫ਼ ਬਗ਼ਾਵਤ ਕੀਤੀ ਤਾਂ ਉਨ੍ਹਾਂ ਨੂੰ ਭਾਰਤ ਛੱਡ ਕੇ ਵਾਪਸ ਜਾਣਾ ਪਿਆ।
ਇਸ ਮੌਕੇ ਧਰਨੇ ਨੂੰ ਸੰਬੋਧਨ ਕਰਦਿਆਂ ਕਿਸਾਨ ਆਗੂ ਰਘਬੀਰ ਸਿੰਘ ਘਰਾਚੋਂ ਅਤੇ ਯੁਵਰਾਜ ਸਿੰਘ ਘੁਡਾਣੀ ਨੇ ਕਿਹਾ ਕਿ ਮੋਦੀ ਹਕੂਮਤ ਜੋ ਅੱਛੇ ਦਿਨਾਂ ਦੀ ਗੱਲ ਕਰਦੀ ਸੀ ਅੱਜ ਦੀਆਂ ਹਾਲਤਾਂ ਮੁਤਾਬਕ ਕਿਰਤੀ ਲੋਕਾਂ ਦੇ ਸਾਹਮਣੇ ਬੁਰੇ ਦਿਨ ਦਿਖਾਈ ਦੇ ਰਹੇ ਹਨ ਇਸ ਦਾ ਅੰਦਾਜ਼ਾ ਕਿਸਾਨ ਦੀ ਇਕ ਕੁਇੰਟਲ ਕਣਕ ਦਾ ਰੇਟ ਸਾਲ ਬਾਅਦ ਪੰਜਾਹ ਰੁਪਏ ਵਾਧਾ ਕੀਤਾ ਹੈ ਇਸ ਦੇ ਉਲਟ ਚੌਦਾਂ ਕਿਲੋ ਦੇ ਗੈਸ ਸਿਲੰਡਰ ਦੀਆਂ ਕੀਮਤਾਂ ਪਿਛਲੇ ਸਾਲ ਨਾਲੋਂ ਦੁੱਗਣੀਆਂ ਕਰ ਦਿੱਤੀਆਂ ਹਨ। ਸਾਡੇ ਲਾਗਤ ਖਰਚਿਆਂ ਵਿਚ ਵਾਧਾ ਕਰਕੇ ਵੱਡੀ ਪੱਧਰ ਤੇ ਲੁੱਟ ਕੀਤੀ ਜਾ ਰਹੀ ਹੈ।
ਅੱਜ ਸਟੇਜ ਦੀ ਕਾਰਵਾਈ ਜਸਬੀਰ ਸਿੰਘ ਗੱਗੜਪੁਰ ਨੇ ਚਲਾਈ ਅਤੇ ਸਟੇਜ ਤੋਂ ਸੂਬਾ ਮੀਤ ਪ੍ਰਧਾਨ ਜਸਵਿੰਦਰ ਸਿੰਘ ਲੌਂਗੋਵਾਲ, ਅਮਨਦੀਪ ਸਿੰਘ ਮਹਿਲਾਂ, ਮਨਦੀਪ ਮੋਗਾ ਅਤੇ ਜਗਰਾਜ ਤਰਨਤਾਰਨ ਨੇ ਵੀ ਸੰਬੋਧਨ ਕੀਤਾ।